ਜਗਤਾਰ ਸਿੰਘ ਨਹਿਲ
ਲੌਂਗੋਵਾਲ, 5 ਅਗਸਤ
ਲੌਂਗੋਵਾਲ ਵਿੱਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਰਹੀ ਕੁੜੀਆਂ ਦੇ ਸਕੂਲ ਦੀ ਇਮਾਰਤ ਫ਼ੰਡਾਂ ਦੀ ਅਣਹੋਂਦ ਦੇ ਚੱਲਦਿਆਂ ਕੰਮ ਬੰਦ ਹੋ ਜਾਣ ਕਾਰਨ ਸਮਾਜ ਵਿਰੋਧੀ ਅਨਸਰਾਂ ਦੀ ਪਨਾਹਗਾਹ ਬਣੀ ਹੋਈ ਹੈ। ਲੰਮੇ ਸਮੇਂ ਤੋਂ ਕੰਮ ਬੰਦ ਹੋਣ ਕਾਰਨ ਇਸ ਇਮਾਰਤ ਦੇ ਅਹਾਤੇ ਵਿੱਚ ਜੰਗਲੀ ਬੂਟੀ ਦਾ ਪਸਾਰਾ ਹੋ ਗਿਆ ਹੈ ਤੇ ਹੁਣ ਇਹ ਇਮਾਰਤ ਆਵਾਰਾ ਡੰਗਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੀ ਪਨਾਹਗਾਹ ਬਣੀ ਹੋਈ ਹੈ। ਕਸਬੇ ਅੰਦਰ ਲੜਕੀਆਂ ਦੇ ਸਕੂਲ ਦੀ ਮੌਜੂਦਾ ਇਮਾਰਤ ਸ਼ਹਿਰ ਦੇ ਐਨ ਵਿਚਕਾਰ ਸੰਘਣੀ ਵਸੋਂ ਵਿੱਚ ਬਣੀ ਹੋਈ ਹੈ। ਸਕੂਲ ਵਿੱਚ ਲੜਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਸਮੱਸਿਆ ਦੇ ਹੱਲ ਲਈ 2016 ਦੀ ਅਕਾਲੀ ਸਰਕਾਰ ਵੇਲੇ ਤਤਕਾਲੀਨ ਹਾਕਮਾਂ ਨੇ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਲੜਕੀਆਂ ਦੇ ਸਕੂਲ ਲਈ ਨਵੀਂ ਇਮਾਰਤ ਬਣਾਉਣ ਲਈ 5 ਕਰੋੜ 68 ਲੱਖ ਰੁਪਏ ਮਨਜ਼ੂਰ ਕੀਤੇ ਸਨ। ਉਸੇ ਸਾਲ ਇਮਾਰਤ ਦਾ ਕੰਮ ਆਰੰਭ ਹੋ ਗਿਆ। ਇਸ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਤੇ ਪਿੰਡ ਵਾਸੀਆਂ ਨੇ ਆਪਣੇ ਕੋਲੋਂ 25 ਲੱਖ ਰੁਪਏ ਦੇ ਕਰੀਬ ਖਰਚਾ ਕਰਕੇ ਭਰਤ ਵੀ ਪਾਈ। ਸੂਤਰਾਂ ਅਨੁਸਾਰ ਉਦੋਂ ਦੀ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਢਾਈ ਕਰੋੜ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੇ ਸਨ। ਮਗਰੋਂ ਸਰਕਾਰ ਬਦਲ ਗਈ ਤੇ ਨਵੀਂ ਸਰਕਾਰ ਨੇ ਇਨ੍ਹਾਂ ਢਾਈ ਕਰੋੜ ਰੁਪਿਆਂ ਵਿੱਚੋਂ ਵੀ ਮਹਿਜ਼ ਸਵਾ ਕਰੋੜ ਦੀ ਅਦਾਇਗੀ ਠੇਕੇਦਾਰ ਨੂੰ ਕੀਤੀ ਹੈ। ਭਾਵੇਂ ਹੁਣ ਤੱਕ ਇਸ ਇਮਾਰਤ ਦੀ ਜ਼ਮੀਨੀ ਮੰਜ਼ਿਲ ਬਣ ਕੇ ਤਿਆਰ ਹੋ ਚੁੱਕੀ ਹੈ ਪਰ ਹੋਰ ਫ਼ੰਡ ਜਾਰੀ ਨਾ ਹੋਣ ਕਾਰਨ ਠੇਕੇਦਾਰ ਨੇ ਪਿਛਲੇ ਦੋ ਸਾਲਾਂ ਤੋਂ ਕੰਮ ਬੰਦ ਕਰ ਦਿੱਤਾ ਹੈ।
ਪਿਛਲੇ ਵਿਧਾਨ ਸਭਾ ਸੈਸ਼ਨ ’ਚ ਵਿਧਾਇਕ ਅਮਨ ਅਰੋੜਾ ਦੇ ਸਵਾਲ ਦੇ ਜਵਾਬ ’ਚ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਇੱਕ ਸਾਲ ਅੰਦਰ ਇਮਾਰਤ ਦਾ ਕੰਮ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਾਲ ਬੀਤ ਜਾਣ ’ਤੇ ਵੀ ਕਾਂਗਰਸ ਸਰਕਾਰ ਨੇ ਗਰਾਂਟ ਦੇ ਨਾਂ ’ਤੇ ਖੋਟਾ ਪੈਸਾ ਜਾਰੀ ਨਹੀਂ ਕੀਤਾ। ਸਰਾਭਾ ਕਲੱਬ ਦੇ ਆਗੂਆਂ ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਅਧੂਰੀ ਪਈ ਇਮਾਰਤ ਨੂੰ ਛੇਤੀ ਪੂਰਾ ਕੀਤਾ ਜਾਵੇ।