ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 21 ਜੁਲਾਈ
ਬੀਤੇ ਦਿਨੀ ਆਈ ਤੇਜ਼ ਬਾਰਿਸ਼ ਦੇ ਪਾਣੀ ਨੇ ਪਿੰਡ ਖਾਨਪੁਰ ਦੇ ਕਿਸਾਨ ਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਖਾਨਪੁਰ ਦੇ ਸਾਢੇ ਬਾਰਾਂ ਏਕੜ ਝੋਨਾ ਡੋਬ ਕੇ ਕਿਸਾਨ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਮੌਕੇ ਤੇ ਪੁੱਜੇ ‘ਪੰਜਾਬੀ ਟ੍ਰਿਬਿਊਨ’ ਦੇ ਇਸ ਪੱਤਰਕਾਰ ਨੂੰ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਮੀਂਹ ਦਾ ਪਾਣੀ ਲਾਗਲੇ ਖੇਤਾਂ ਦਾ ਉਸ ਦੇ ਖੇਤਾਂ ’ਚ ਪੈਣ ਕਾਰਨ ਉਸ ਦੇ ਸਾਢੇ ਬਾਰਾਂ ਏਕੜ ਵਿੱਚ ਲਾਇਆ ਝੋਨਾ ਪੂਰੀ ਤਰ੍ਹਾਂ ਬਰਵਾਦ ਹੋ ਗਿਆ ਹੈ। ਉਸਨੇ ਦੱਸਿਆ ਕਿ ਉਹ ਹਰ ਸਾਲ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਤੇ ਦਸ ਸਾਲਾਂ ਤੋਂ ਉਹ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਰੋਟਾਵੇਟਰ ਨਾਲ ਕਣਕ ਬੀਜ਼ਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਸਾਰੀ ਜ਼ਮੀਨ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਲਈ ਸੀ ਤੇ ਇਸ ਉਤੇ ਝੋਨਾ ਲਾਉਣ ਤੋਂ ਲੈ ਕੇ ਖਾਦ ਪਾਉਣ ਤੱਕ ਪ੍ਰਤੀ ਏਕੜ 8 ਤੋਂ 9 ਹਜ਼ਾਰ ਰੁਪਏ ਖਰਚ ਆਇਆ ਹੈ ਪਰ ਇਹ ਝੋਨਾ ਮੀਂਹ ਦੇ ਪਾਣੀ ਵਿੱਚ ਡੁੱਬਣ ਕਾਰਨ ਉਹ ਆਰਥਿਕ ਤੇ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਹੋ ਗਿਆ ਹੈ ਕਿਉਂਕਿ ਉਹ ਹਰ ਸਾਲ ਵਿਆਜ ’ਤੇ ਪੈਸਾ ਚੁੱਕ ਕੇ ਜ਼ਮੀਨ ਠੇਕੇ ’ਤੇ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਸ ਨੂੰ ਦੁਬਾਰਾ ਝੋਨੇ ਦੀ ਪਨੀਰੀ ਬੀਜਣੀ ਪਵੇਗੀ ਤੇ ਫਿਰ 20 ਦਿਨਾਂ ਬਾਅਦ ਝੋਨਾ ਦੁਬਾਰਾ ਲਾਇਆ ਜਾਵੇਗਾ, ਜਿਸ ਦਾ ਝਾੜ ਨਾ ਬਰਾਬਰ ਹੀ ਹੋਵੇਗਾ। ਉਧਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਤੇ ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਦੱਸਿਆ ਕਿ ਘਰ ਦੀ ਜ਼ਮੀਨ ’ਚ ਖੇਤੀ ਕਰਨ ਵਾਲੇ ਕਿਸਾਨਾਂ ਦੇ ਪੱਲੇ ਸਿਰਫ ਮਿਹਨਤ ਹੀ ਪੈਂਦੀ ਹੈ ਜਦੋਂਕਿ ਜ਼ਮੀਨ ਠੇਕੇ ’ਤੇ ਲੈਣ ਵਾਲੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਕਿਸਾਨ ਦੀ ਫਸਲ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।