ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਅਕਤੂਬਰ
ਨੇੜਲੇ ਪਿੰਡ ਸੰਗਤਪੁਰਾ ਵਿੱਚ ਸਰਕਾਰ ਵੱਲੋਂ 1998 ’ਚ ਵੇਚੀ ਗਈ ਨਹਿਰੀ ਕੋਠੀ ਵਾਲੀ ਥਾਂ ਨੂੰ ਲੈ ਕੇ ਸਿੰਚਾਈ ਵਿਭਾਗ ਤੇ ਕਿਸਾਨਾਂ ’ਚ ਮਸਲਾ ਉਲਝਿਆ ਹੋਇਆ ਹੈ। ਨਹਿਰੀ ਵਿਭਾਗ ਦਾ ਕਹਿਣਾ ਹੈ ਕਿ ਇਹ ਜ਼ਮੀਨ ਅਜੇ ਵਿਭਾਗ ਦੇ ਨਾਂ ਬੋਲ ਰਹੀ ਹੈ ਪਰ ਕੁਝ ਕਿਸਾਨਾਂ ਨੇ ਇਸ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਨਹਿਰੀ ਵਿਭਾਗ ਹਾਈ ਕੋਰਟ ’ਚ ਇਸ ਸਬੰਧੀ ਕੇਸ ਜਿੱਤ ਚੁੱਕਾ ਹੈ। ਨਹਿਰੀ ਵਿਭਾਗ ਦੇ ਐੱਸਡੀਓ ਗੁਰਜੀਤ ਸਿੰਘ ਨੇ ਦੱਸਿਆ ਕਿ ਸੰਗਤਪੁਰਾ ਦੀ ਨਹਿਰੀ ਕੋਠੀ ਵਾਲੀ ਜ਼ਮੀਨ ਹਾਈ ਕੋਰਟ ਦੇ ਹੁਕਮ ਮੁਤਾਬਕ ਖਾਲੀ ਕਰਵਾਉਣ ਲਈ ਤਹਿਸੀਲ ਪ੍ਰਸ਼ਾਸਨ ਦੇ ਦਫਤਰ ’ਚ ਬੈਠਣ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆਂ ਨਹੀਂ ਕਰਵਾਈ ਗਈ ਜਿਸ ਕਾਰਨ ਕਾਰਵਾਈ ਨੇਪਰੇ ਨਹੀਂ ਚੜ੍ਹ ਸਕੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਖ਼ਬਰ ਦੇ ਵੇਰਵਿਆਂ ਅਨੁਸਾਰ ਅੱਜ ਪਿੰਡ ਸੰਗਤਪੁਰਾ ਵਿੱਚ ਨਹਿਰੀ ਵਿਭਾਗ ਵੱਲੋਂ 1998 ਵਿੱਚ ਵੇਚੀ ਗਈ ਕੋਠੀ ਵਾਲੀ ਜ਼ਮੀਨ ਦੇ ਕਬਜ਼ੇ ਨੂੰ ਵਾਪਸ ਲੈਣ ਲਈ ਕਾਰਵਾਈ ਕੀਤੀ ਜਾਣੀ ਸੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਅਤੇ ਉਪ ਪ੍ਰਧਾਨ ਜਸਵਿੰਦਰ ਸਿਂਘ ਸੂਬਾ ਸੰਗਤਪੁਰਾ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਸੁੱਚਾ ਸਿੰਘ ਨੇ 1998 ਵਿੱਚ 13.51 ਲੱਖ ਰੁਪਏ ਦੀ ਸਭ ਤੋਂ ਮਹਿੰਗੀ ਬੋਲੀ ਦੇ ਕੇ ਖਰੀਦੀ ਸੀ ਅਤੇ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਸਾਰੀ ਰਕਮ ਸਹੀ ਸਮੇੰ ’ਤੇ ਭਰਨ ਦੇ ਬਾਵਜੂਦ ਕਿਸਾਨ ਨੂੰ ਹੱਕ ’ਚ ਕਥਿਤ ਤੌਰ ’ਤੇ ਰਜਿਸਟਰੀ ਨਹੀਂ ਕਰਵਾਈ ਗਈ।