ਮਹਿੰਦਰ ਕੌਰ ਮੰਨੂੰ
ਸੰਗਰੂਰ, 20 ਅਕਤੂਬਰ
ਇੱਥੇ ਅੱਜ ਪਿੰਗਲਵਾੜਾ ਬ੍ਰਾਂਚ ਸੰਗਰੂਰ ਵੱਲੋਂ ਇਕ ਲੜਕੀ ਅਤੇ ਬੱਚੇ ਨੂੰ ਉਸ ਦੀ ਮਾਂ ਦੇ ਨਾਲ ਮਿਲਾਇਆ ਗਿਆ। ਬ੍ਰਾਂਚ ਦੇ ਮੁੱਖ ਪ੍ਰਬੰਧਕ ਤ੍ਰਿਲੋਚਨ ਸਿੰਘ ਚੀਮਾ ਨੇ ਦੱਸਿਆ ਕਿ ਅਮਨਦੀਪ ਕੌਰ ਜੋ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਦੋਂ ਲਗਪਗ ਛੇ ਮਹੀਨੇ ਦੀ ਗਰਭਵਤੀ ਸੀ, ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੈਣੇ ਕੋਟ ਦੇ ਕੁੱਝ ਵਿਅਕਤੀਆਂ ਅਤੇ ਕਲਕੱਤਾ ਤੋਂ ਹਰਦੀਪ ਸਿੰਘ ਗ੍ਰੰਥੀ ਦੀ ਮਾਤਾ ਹਰਦੀਪ ਕੌਰ ਨੇ ਪਿੰਗਲਵਾੜਾ ਬ੍ਰਾਂਚ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾਇਆ ਸੀ। ਊਨ੍ਹਾਂ ਦੱਸਿਆ ਕਿ ਲੜਕੀ ਦੇ ਦਾਖ਼ਲ ਹੋਣ ਤੋਂ ਤਿੰਨ ਕੁ ਮਹੀਨੇ ਬਾਅਦ ਇਸ ਨੇ ਲੜਕੇ ਨੂੰ ਜਨਮ ਦਿੱਤਾ। ਮਗਰੋਂ ਉਸ ਨੇ ਦੱਸਿਆ ਕਿ ਉਹ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਹੈ। ਸ੍ਰੀ ਚੀਮਾ ਨੇ ਦੱਸਿਆ ਕਿ ਇਸ ਸਭ ‘ਤੇ ਅੰਮ੍ਰਿਤਸਰ ਬ੍ਰਾਂਚ ਵੱਲੋਂ ਉਸ ਲੜਕੀ ਨੂੰ ਸੰਗਰੂਰ ਬ੍ਰਾਂਚ ਵਿੱਚ ਭੇਜਿਆ ਗਿਆ ਅਤੇ ਲੜਕੀ ਦੀ ਮਾਂ ਪ੍ਰਕਾਸ਼ ਕੌਰ ਉਸ ਨੂੰ ਸੰਗਰੂਰ ਬ੍ਰਾਂਚ ਵਿੱਚ ਲੈਣ ਆਈ। ਇਸ ਮੌਕੇ ਲੜਕੀ ਦੀ ਮਾਤਾ ਨੇ ਸੰਗਰੂਰ ਬ੍ਰਾਂਚ ਦਾ ਧੰਨਵਾਦ ਕੀਤਾ।