ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਅਗਸਤ
ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪੱਕਾ ਮੋਰਚਾ ਅੱਜ 330ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਇਸ ਮੋਰਚੇ ਦੀ ਸਟੇਜ ਦੀ ਕਾਰਵਾਈ ਬਿੰਦਰ ਸਿੰਘ ਆਗੂ ਖੋਖਰ ਬਲਾਕ ਨੇ ਬਾਖੂਬੀ ਨਿਭਾਈ। ਇਸ ਮੌਕੇ ਕਿਸਾਨ ਆਗੂ ਕਰਨੈਲ ਗਨੋਟਾ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ ਤੇ ਬਲਜੀਤ ਕੌਰ ਲਹਿਲ ਕਲਾਂ ਮਜ਼ਦੂਰ ਆਗੂ ਨੇ ਪੰਡਾਲ ਵਿੱਚ ਬੈਠੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ, ਮਾਵਾਂ ਭੈਣਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀਬਾੜੀ ਵਿਰੋਧੀ ਕਾਨੂੰਨਾਂ ਖਿਲਾਫ਼ ਲੱਗੇ ਪੱਕੇ ਮੋਰਚਿਆਂ ਵਿੱਚ ਕਿਰਤੀਆਂ ਅਤੇ ਬੀਬੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਹੁਣ ਪੱਕ ਚੁੱਕੀ ਹੈ ਤੇ ਕਿਸਾਨ ਹੁਣ ਦੁਬਾਰਾ ਧਰਨਿਆਂ ਵੱਲ ਕੂਚ ਕਰਨ ਲੱਗੇ ਹਨ। ਇਹ ਇਕ ਸੰਘਰਸ਼ ਦੀ ਚੜ੍ਹਦੀਕਲਾ ਅਤੇ ਮੋਦੀ ਸਰਕਾਰ ਦਾ ਡਿੱਗਦੇ ਮਿਆਰ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਵਰਕਰ ਕਿਸੇ ਵੀ ਸੂਰਤ ’ਚ ਭਾਜਪਾ ਅਤੇ ਕਾਰਪੋਰੇਟ ਹਮਾਇਤੀਆਂ ਨੂੰ ਪਿੰਡਾਂ ’ਚ ਦਾਖਲ ਨਹੀਂ ਹੋਣ ਦੇਣਗੇ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ’ਤੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ, ਰਣਧੀਰ ਸਿੰਘ ਭੱਟੀਵਾਲ, ਅੰਗਰੇਜ ਸਿੰਘ ਮਾਝੀ, ਮੱਖਣ ਸਿੰਘ, ਰਾਮ ਸਿੰਘ ਅਤੇ ਮਹਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ 2 ਸਤੰਬਰ ਨੂੰ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਕਾਫਲੇ ਸਿੰਘੂ ਬਾਰਡਰ ’ਤੇ ਪਹੁੰਚਣਗੇ।
ਧਰਨੇ ਵਿੱਚ ਲੋਕ ਕਵੀ ਮੇਵਾ ਸਿੰਘ ਕਾਲਾਝਾੜ ਦੀ ਮੌਤ ’ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੋਲ ਪੰਪ ਬਾਲਦ ਕਲਾਂ ਵਿੱਚ ਧਰਨੇ ਦਿੱਤੇ ਗਏ।
ਧੂਰੀ (ਹਰਦੀਪ ਸਿੰਘ ਸੋਢੀ): ਪਿੰਡ ਲੱਡਾ ਟੌਲ ਪਲਾਜ਼ਾ ਕੋਲ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਧਰਨਾ ਰਾਮ ਸਿੰਘ ਕੱਕੜਵਾਲ ਦੀ ਅਗਵਾਈ ਵਿੱਚ 330ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਆਗੂਆਂ ਨੇ ਕਿਹਾ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਪਰ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਦੇਸ਼ ਅੰਦਰ ਮਹਿੰਗਾਈ ਪਿੱਛੇ ਕਾਰਪੋਰੇਟ ਘਰਾਣਿਆਂ ਦਾ ਹੱਥ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਦੇਸ਼ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁਖਜੀਤ ਸਿੰਘ ਲੱਡਾ, ਖੁਸ਼ਵੰਤ ਸਿੰਘ ਤੇ ਜਸਪਾਲ ਸਿੰਘ ਪੇਧਨੀ ਹੋਰ ਆਗੂ ਹਾਜ਼ਰ ਸਨ।