ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 22 ਮਈ
ਇੱਥੇ ਨਗਰ ਕੌਂਸਲ ’ਚ ਭਰਤੀ ਕੀਤੇ ਗ਼ੈਰ-ਵਾਲਮੀਕੀ ਭਾਈਚਾਰਿਆਂ ਨਾਲ ਸਬੰਧਤ ਸਫ਼ਾਈ ਸੇਵਕਾਂ ਤੋਂ ਸ਼ਹਿਰ ਅੰਦਰ ਸਫ਼ਾਈ ਦਾ ਕੰਮ ਲੈਣ ਦੀ ਮੰਗ ਨੂੰ ਲੈ ਕੇ ਨੌਜਵਾਨ ਸੁਨੀਲ ਕੁਮਾਰ ਹੰਸ ਨੇ ਨਗਰ ਕੌਂਸਲ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਨੰਗੇ ਧੜ ਧਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਕਰੀਬ ਡੇਢ ਸਾਲ ਪਹਿਲਾਂ ਡੀ.ਸੀ. ਰੇਟ ’ਤੇ 143 ਸਫ਼ਾਈ ਸੇਵਕ ਭਰਤੀ ਕੀਤੇ ਸਨ, ਜਿਨ੍ਹਾਂ ਕਰੀਬ ਦੋ ਦਰਜਨ ਕਰਮਚਾਰੀ ਹੋਰਨਾਂ ਭਾਈਚਾਰਿਆਂ ਨਾਲ ਸਬੰਧਤ ਹਨ। ਸ੍ਰੀ ਹੰਸ ਨੇ ਕਿਹਾ ਕਿ ਉਸ ਨੂੰ ਕਿਸੇ ਹੋਰ ਭਾਈਚਾਰੇ ਦੇ ਵਿਅਕਤੀਆਂ ਦਾ ਸਫ਼ਾਈ ਸੇਵਕ ਭਰਤੀ ਹੋਣ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਕੌਂਸਲ ਉਨ੍ਹਾਂ ਤੋਂ ਸਫ਼ਾਈ ਸੇਵਕ ਦਾ ਕੰਮ ਕਰਵਾਏ। ਉਸ ਨੇ ਕਿਹਾ ਕਿ ਦੂਜੀ ਭਾਈਚਾਰਿਆਂ ਦੇ ਭਰਤੀ ਹੋਏ ਸਫ਼ਾਈ ਸੇਵਕਾਂ ਤੋਂ ਫੁਟਕਲ ਕੰਮ ਕਰਵਾਏ ਜਾਂਦੇ ਹਨ ਜਦ ਕਿ ਸ਼ਹਿਰ ’ਚ ਸਫ਼ਾਈ ਸੇਵਕਾਂ ਦੀ ਘਾਟ ਹੋਣ ਕਾਰਨ ਕਿ ਸਫ਼ਾਈ ਸੇਵਕਾਂ ’ਤੇ ਕੰਮ ਦਾ ਪਹਿਲਾਂ ਹੀ ਬੋਝ ਹੈ। ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਨੇ ਕਿਹਾ ਕਿ ਭਰਤੀ ਕੀਤੇ ਗਏ ਸਾਰੇ ਕਰਮਚਾਰੀ ਕੰਮ ਕਰ ਰਹੇ ਹਨ।