ਪੱਤਰ ਪ੍ਰੇਰਕ
ਲਹਿਰਾਗਾਗਾ, 14 ਜੁਲਾਈ
ਹਲਕੇ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਪੰਜਾਬ ਦੇ ਨਵ-ਨਿਯੁਕਤ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਹਲਕਾ ਲਹਿਰਾਗਾਗਾ ਦੀ ਮਾੜੀਆਂ ਸਿਹਤ ਸਹੂਲਤਾਂ ਵੱਲ ਧਿਆਨ ਦਿਵਾਇਆ ਹੈ। ਵਿਧਾਇਕ ਗੋਇਲ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਸਹੂਲਤਾਂ ਵਿੱਚ ਬੁਰੀ ਤਰ੍ਹਾਂ ਨਿਘਾਰ ਲਿਆ ਦਿੱਤਾ ਹੈ। ਲਹਿਰਾਗਾਗਾ ਦਾ ਹਸਪਤਾਲ ਜਿਸ ਨੂੰ ਪਹਿਲਾਂ ਸਬ-ਡਿਵੀਜ਼ਨ ਹਸਪਤਾਲ ਦਾ ਦਰਜਾ ਦਿੱਤਾ ਸੀ, ਹੁਣ ਕਮਿਊਨਿਟੀ ਸੈਂਟਰ ਹੀ ਬਣ ਕੇ ਰਹਿ ਗਿਆ ਹੈ। ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਜਿੱਥੇ ਮਾਹਰ ਡਾਕਟਰਾਂ ਦੀ ਭਾਰੀ ਘਾਟ ਹੈ, ਉਥੇ ਹੀ ਹਸਪਤਾਲਾਂ ਵਿਚ ਲੋੜੀਂਦੀਆਂ ਮਸ਼ੀਨਾਂ ਅਤੇ ਦਵਾਈਆਂ ਵੀ ਨਹੀਂ ਹਨ। ਸਬ-ਡਿਵੀਜ਼ਨ ਦੇ 50 ਪਿੰਡ ਜੁੜੇ ਹੋਣ ਦੇ ਬਾਵਜੂਦ ਪੋਸਟਮਾਟਰਮ ਤੇ ਬਲੱਡ ਬੈਂਕ ਦੀ ਸਹੂਲਤ ਨਹੀਂ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਸ਼ਵਾਸ ਦਿਵਾਇਆ ਕਿ ਭਗਵੰਤ ਮਾਨ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਪੂਰੀ ਤਰ੍ਹਾਂ ਤਵੱਜੋ ਦੇ ਰਹੀ ਹੈ। ਹਲਕਾ ਲਹਿਰਾ ਦੇ ਹਸਪਤਾਲਾਂ ਵਿੱਚ ਜਲਦੀ ਹੀ ਮਾਹਰ ਡਾਕਟਰਾਂ ਤੋਂ ਇਲਾਵਾ ਹੋਰ ਵੀ ਘਾਟ ਪੂਰੀ ਕੀਤੀ ਜਾਵੇਗੀ।