ਬੀਰਬਲ ਰਿਸ਼ੀ
ਸ਼ੇਰਪੁਰ, 2 ਫਰਵਰੀ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਅੱਜ ਕੋਵਿਡ ਕਾਰਨ ਘਰਾਂ ’ਚ ਛੁੱਟੀਆਂ ਮਨਾ ਰਹੇ ਸਕੂਲੀ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਲੀਆਂ ’ਚ ਬੁਲਾ ਕੇ ਕਮਰਿਆਂ ਦੇ ਜਿੰਦੇ ਖੁੱਲ੍ਹਵਾਏ ਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲੀ ਅਮਲੇ ’ਤੇ ਜ਼ੋਰ ਪਾਇਆ। ਸਕੂਲ ਸਟਾਫ਼ ਵੱਲੋਂ ਕਲਾਸਾਂ ਲਗਾਏ ਜਾਣ ਤੋਂ ਇਨਕਾਰ ਕਰਨ ’ਤੇ ਕਿਸਾਨ ਜਥੇਬੰਦੀ ਅਤੇ ਮਾਪਿਆਂ ਨੇ ਜਿੱਥੇ ਬਾਅਦ ਦੁਪਹਿਰ ਤੱਕ ਸਕੂਲ ਵਿੱਚ ਧਰਨਾ ਲਗਾਇਆ ਗਿਆ ਉਥੇ ਛੁੱਟੀ ਤੋਂ ਬਾਅਦ ਅਧਿਆਪਕਾਂ ਦੇ ਘਿਰਾਓ ਕਰ ਲਿਆ। ਇਸ ਮਗਰੋਂ ਪੁਲੀਸ ਦੀ ਦਖਲਅੰਦਾਜ਼ੀ ਨਾਲ ਮਸਲਾ ਸੁਲਝਿਆ।
ਬੀਕੇਯੂ ਡਕੌਂਦਾ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ, ਸ਼ੇਰ ਸਿੰਘ ਮੱਦੀ, ਨਛੱਤਰ ਸਿੰਘ, ਬੂਟਾ ਸਿੰਘ, ਅਮਰਜੀਤ ਸਿੰਘ ਆਦਿ ਨੇ ਸਰਕਾਰ ’ਤੇ ਦੂਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਉਦਿਆਂ ਕਿਹਾ ਕਿ ਜਦੋਂ ਪਿੰਡਾਂ ਵਿੱਚ ਹਜ਼ਾਰਾਂ ਦੇ ਇਕੱਠਾਂ ਨਾਲ ਰਾਜਸੀ ਆਗੂ ਰੈਲੀਆਂ ਕਰ ਸਕਦੇ ਹਨ, ਮੈਰਿਜ ਪੈਲਸਾਂ ਵਿੱਚ ਵਿਆਹ-ਸ਼ਾਦੀਆਂ ਹੋ ਸਕਦੀਆਂ ਹਨ ਤਾਂ ਫਿਰ ਸਕੂਲੀ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਕਿਉਂ ਰੱਖਿਆ ਜਾ ਰਿਹਾ ਹੈ? ਉਨ੍ਹਾਂ ਸੰਯੁਗਤ ਮੋਰਚੇ ਦੀ ਮੀਟਿੰਗ ਵਿੱਚ ਪਾਸ ਹੋਏ ਏਜੰਡੇ ਤਹਿਤ ਇਸ ਮਾਮਲੇ ’ਤੇ ਤਿੱਖੀ ਲੜਾਈ ਲੜਨ ਦੇ ਸੰਕੇਤ ਦਿੰਦਿਆਂ 3 ਫਰਵਰੀ ਨੂੰ ਮੁੜ ਧਰਨਾ ਲਗਾਏ ਜਾਣ ਦੀ ਚਿਤਾਵਨੀ ਦਿੱਤੀ। ਐੱਸਐੱਚਓ ਸਦਰ ਵਿਟਨ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਸਮਝਾ ਕੇ ਮਸਲਾ ਸੁਲਝਾ ਦਿੱਤਾ ਗਿਆ ਹੈ। ਇਸੇ ਦੌਰਾਨ ਪ੍ਰਿੰਸੀਪਲ ਰਾਜੀਵ ਕੁਮਾਰ ਨੇ ਦੱਸਿਆ ਕਿ ਸਾਰਾ ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਐੱਸਡੀਐੱਮ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
ਸਰਕਾਰ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦੇ: ਡੀਈਓ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕੁਲਤਰਨਜੀਤ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਕਰ ਸਕਦੇ ਕਿਉਂਕਿ ਬੱਚਿਆਂ ਦੀ ਹਾਲੇ ਵੈਕਸੀਨੇਸ਼ਨ ਨਹੀਂ ਹੋਈ ਹੈ ਜਿਸ ਕਰਕੇ ਸਰਕਾਰ ਨੇ 8 ਫਰਵਰੀ ਤੱਕ ਸਕੂਲਾਂ ਨੂੰ ਬੰਦ ਕੀਤੇ ਜਾਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਉਨ੍ਹਾਂ ਤਾਜ਼ਾ ਘਟਨਾਕ੍ਰਮ ਬਾਰੇ ਕਿਹਾ ਕਿ ਸਾਰਾ ਮਾਮਲਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ।