ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜੂਨ
ਜ਼ਿਲ੍ਹਾ ਸੰਗਰੂਰ ਦੀ ਸੁਨਾਮ ਤਹਿਸੀਲ ਅਧੀਨ ਪੈਂਦੇ ਪਿੰਡ ਸ਼ਾਹਪੁਰ ਕਲਾਂ ਵਿਚ ਮਜ਼ਦੂਰਾਂ ਦੀ ਕਿਰਤ ਖ਼ਿਲਾਫ਼ ਮਤਾ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਜਬਰ ਵਿਰੋਧੀ ਸਾਂਝਾ ਮਜ਼ਦੂਰ ਮੋਰਚਾ ਦਾ ਵਫ਼ਦ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਵਫ਼ਦ ਵਲੋਂ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਵੀ ਕਾਰਵਾਈ ਲਈ ਮੰਗ ਪੱਤਰ ਭੇਜਿਆ ਗਿਆ ਹੈ। ਇਸ ਮੌਕੇ ਜਬਰ ਵਿਰੋਧੀ ਸਾਂਝਾ ਮਜ਼ਦੂਰ ਮੋਰਚਾ ਦੇ ਕਨਵੀਨਰ ਸ੍ਰੀ ਕ੍ਰਿਸ਼ਨ ਸਿੰਘ ਭੜੋ ਅਤੇ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਪਿੰਡ ਸ਼ਾਹਪੁਰ ਕਲਾਂ ਵਿਖੇ ਕਿਸਾਨਾਂ ਅਤੇ ਪੰਚਾਇਤ ਵਲੋਂ ਮਜ਼ਦੂਰਾਂ ਦੀ ਕਿਰਤ ਦੇ ਖ਼ਿਲਾਫ਼ ਜੋ ਮਤਾ ਪਾ ਕੇ ਸ਼ੋਸ਼ਡ ਮੀਡੀਆ ’ਤੇ ਜਨਤਕ ਕੀਤਾ ਗਿਆ ਹੈ ਉਹ ਇੱਕ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਕ ਕਾਰਵਾਈ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਦਿਹਾੜੀ ਮਜ਼ਦੂਰ ਸਭਾ, ਜਬਰ ਵਿਰੋਧੀ ਸਾਂਝਾ ਮਜ਼ਦੂਰ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਲਾਲੋਢਾ, ਜਸਪਾਲ ਸਿੰਘ ਭੜੋ, ਸੁਖਪਾਲ ਸਿੰਘ ਕਦਰਬਾਦ, ਕਾਕਾ ਸਿੰਘ ਭੱਟੀਵਾਲ ਨੇ ਮਤਾ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।