ਹਰਦੀਪ ਸਿੰਘ ਸੋਢੀ
ਧੂਰੀ, 9 ਜੂਨ
ਇੱਥੇ ਖੰਡ ਮਿੱਲ ਤੋਂ ਕਰੋੜਾਂ ਰੁਪਏ ਦੀ ਗੰਨੇ ਦੀ ਅਦਾਇਗੀ ਲੈਣ ਲਈ ਸਥਾਨਕ ਮੁੱਖ ਮੰਤਰੀ ਦਫਤਰ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਪ੍ਰਧਾਨ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਲਗਾਇਆ ਗਿਆ ਧਰਨਾ ਅੱਜ ਅੱਠਵੇਂ ਦਿਨ ’ਚ ਦਾਖਲ ਹੋ ਗਿਆ। ਦੂਜੇ ਪਾਸੇ ਪਿਛਲੇ ਤਿੰਨ ਦਿਨਾਂ ਤੋਂ ਮੁੱਖ ਮੰਤਰੀ ਦਫ਼ਤਰ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਤਿੰਨ ਗੰਨਾ ਕਾਸ਼ਤਕਾਰਾਂ ਵਿੱਚੋਂ ਅੰਮ੍ਰਿਤਪਾਲ ਸਿੰਘ ਕਾਤਰੋ ਦੀ ਅੱਜ ਦੁਪਹਿਰ ਸਮੇਂ ਗਰਮੀ ਕਾਰਨ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ, ਜਿਸ ਨੂੰ ਥਾਣਾ ਸਿਟੀ ਧੂਰੀ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਸਮੇਤ ਚੁੱਕ ਕੇ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਧੂਰੀ ਦਾਖਲ ਕਰਵਾਇਆ। ਅੰਮ੍ਰਿਤਪਾਲ ਦੇ ਬੇਹੋਸ਼ ਤੋਂ ਬਾਅਦ ਕਿਸਾਨਾਂ ਨੇ ਸੰਗਰੂਰ ਬਾਈਪਾਸ ਉੱਪਰ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ।
ਪ੍ਰਧਾਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਤਰਾਸਦੀ ਹੈ ਕਿ ਪਿਛਲੇ ਅੱਠ ਦਿਨਾਂ ਤੋਂ ੳਨ੍ਹਾਂ ਨੂੰ ਆਪਣੀ ਅਦਾਇਗੀ ਲੈਣ ਲਈ ਰੁਲਣਾ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਵਗਦੀ ਲੂਅ ਬਾਰੇ ਹਦਾਇਤਾਂ ਜਾਰੀ ਕਰਨ ਦੇ ਬਾਵਜੂਦ ਗੰਨਾ ਕਾਸ਼ਤਕਾਰ ਆਪਣੇ ਸੰਘਰਸ਼ ’ਤੇ ਡਟੇ ਹੋਏ ਹਨ, ਪਰ ਸ਼ੂਗਰ ਮਿੱਲ ਪ੍ਰਬੰਧਕਾਂ ਤੋਂ ਅਦਾਇਗੀ ਕਰਵਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨਾਕਾਮ ਰਹੀ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਨੂੰ ਭੁਲੇਖੇ ਦੂਰ ਕਰ ਦੇਣੇ ਚਾਹੀਦੇ ਹਨ ਕਿ ਗੰਨਾ ਕਾਸ਼ਤਕਾਰ ਅੱਕ ਅਤੇ ਥੱਕ ਜਾਣਗੇ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਉਨਾਂ ਕਿਹਾ ਕਿ ਗੰਨੇ ਦੀ ਅਦਾਇਗੀ ਹੋਣ ਤੱਕ ਗੰਨਾ ਕਾਸ਼ਤਕਾਰ ਆਪਣੇ ਸੰਘਰਸ਼ ’ਤੇ ਬਜ਼ਿੱਦ ਹਨ। ਇਸ ਸਬੰਧੀ ਐੱਸਐੱਚਓ ਸਿਟੀ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਅੰਮ੍ਰਿਤ ਪਾਲ ਸਿੰਘ ਕਾਤਰੋਂ ਦੀ ਸਿਹਤ ਅੱਗੇ ਨਾਲੋਂ ਠੀਕ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ।