ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਨਵੰਬਰ
ਮਹਿੰਗਾਈ ਭੱਤੇ ਦੀ ਇੱਕ ਕਿਸ਼ਤ ਜਾਰੀ ਕਰ ਕੇ ‘ਮੁਲਾਜ਼ਮਾਂ ਨੂੰ ਗੱਫੇ’ ਦੇਣ ਦੇ ਪੰਜਾਬ ਸਰਕਾਰ ਦੇ ਐਲਾਨ ਦਾ ਖੰਡਨ ਕਰਦਿਆਂ ਅੱਜ ਇੱਥੇ ਪਿਛਲੇ 26 ਦਿਨਾਂ ਤੋਂ ਕਲਮਛੋੜ ਹੜਤਾਲ ਅਤੇ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ ਚੱਲ ਰਹੇ ਦਫ਼ਤਰੀ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਕਲਮਛੋੜ ਹੜਤਾਲ ਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਮੁਲਾਜ਼ਮ 8 ਅਕਤੂਬਰ ਤੋਂ ਕਲਮਛੋੜ ਹੜਤਾਲ ਅਤੇ ਪਹਿਲੀ ਨਵੰਬਰ ਤੋਂ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ ਹਨ। ਹੜਤਾਲੀ ਦਫ਼ਤਰੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦੇ ਦੂਜੇ ਦਿਨ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਮਹਿੰਗਾਈ ਭੱਤੇ ਦੀ ਇੱਕ ਕਿਸ਼ਤ ਜਾਰੀ ਕਰਨ ਦੇ ਵੱਡੇ ਐਲਾਨ ਨੂੰ ਮੁੱਢੋਂ ਰੱਦ ਕਰਦਿਆਂ ਨਾਖੁਸ਼ੀ ਪ੍ਰਗਟ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਅਤੇ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਨੇ ਕਿਹਾ ਕਿ ਸਿਰਫ਼ 11 ਫੀਸਦੀ ਇੱਕ ਕਿਸ਼ਤ ਜਾਰੀ ਕਰਨ ਨਾਲ ਮੁਲਾਜ਼ਮਾਂ ਨੂੰ ਗੱਫ਼ੇ ਨਹੀਂ ਮਿਲੇ ਅਤੇ ਸਰਕਾਰ ਨੇ ਇੱਕ ਕਿਸ਼ਤ ਦੇ ਮੁਲਾਜ਼ਮਾਂ ’ਤੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਅਜੇ ਵੀ 3 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਸਰਕਾਰ ਵੱਲ ਬਕਾਇਆ ਹੈ।
ਆਗੂਆਂ ਨੇ ਕਿਹਾ ਕਿ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ 125% ਡੀਏ ਨਾਲ 15% ਦਾ ਵਾਧਾ ਸਮੇਤ 2016 ਤੋਂ ਏਰੀਅਰ ਦੇਣ ਬਾਰੇ, 2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਬੇਸਿਕ ਵਿੱਚ 15% ਵਾਧੇ ਦੇਣ ਬਾਰੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤਿਆਂ ਦੀਆਂ ਪੈਂਡਿੰਗ ਕਿਸ਼ਤਾਂ ਦੀ ਅਦਾਇਗੀ ਬਾਰੇ ਆਦਿ ਨੋਟੀਫਿਕੇਸ਼ਨ ਜਾਰੀ ਕਰਨ ਲਈ ਸਰਕਾਰ ਦੀ ਧਾਰੀ ਚੁੱਪੀ ਕਾਰਨ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ। ਇਸ ਮੌਕੇ ਯੂਨੀਅਨ ਆਗੂ ਬਲਵਿੰਦਰ ਸੋਹੀ , ਇਕਬਾਲ ਸਿੰਘ ,ਅਨੁਜ ਸ਼ਰਮਾ, ਮਾਲਵਿੰਦਰ ਹਰੀਗੜ੍ਹ , ਹਰਵਿੰਦਰ ਸਿੰਘ ਘਰਾਚੋਂ, ਸਤੀਸ਼ ਮੂਣਕ ,ਹਰਜੀਤ ਸਿੰਘ, ਮਨਪ੍ਰੀਤ ਕੌਰ, ਸੰਦੀਪ ਕੌਰ ਪੈਨਸ਼ਨਰ ਆਗੂ ਜੀਤ ਸਿੰਘ ਢੀਂਡਸਾ, ਸੁਰਿੰਦਰ ਕੁਮਾਰ ਬਾਲੀਆਂ, ਰਾਮ ਸਿੰਘ ਮਹਿਮੀ, ਸਤਪਾਲ ਸਿੰਗਲਾ ਨੇ ਸੰਬੋਧਨ ਕੀਤਾ।