ਬੀਰਬਲ ਰਿਸ਼ੀ
ਸ਼ੇਰਪੁਰ, 23 ਅਗਸਤ
ਬੀਡੀਪੀਓ ਦਫ਼ਤਰ ਸ਼ੇਰਪੁਰ ਦੇ ਮਗਨਰੇਗਾ ਸੈਕਟਰੀ ਤੇ ਪੰਚਾਇਤ ਅਫ਼ਸਰ ਦੀਆਂ ਕਥਿਤ ਆਪਹੁਦਰੀਆਂ ਵਿਰੁੱਧ ਅੱਜ ਹੁਕਮਰਾਨ ਧਿਰ ਦੇ ਆਗੂਆਂ ਅਤੇ ਵਰਕਰਾਂ ਤੇ ਪਿੰਡ ਖੇੜੀ ਕਲਾਂ ਦੇ ਯੁਵਕ ਸੇਵਾਵਾਂ ਕਲੱਬ ਨੇ ਮੋਰਚਾ ਖੋਲ੍ਹਦਿਆਂ ਅੱਜ ਸਵੇਰੇ ਹੀ ਬੀਡੀਪੀਓ ਦਫ਼ਤਰ ਦੇ ਦੋਵੇ ਗੇਟ ਬੰਦ ਕਰ ਕੇ ਬੀਡੀਪੀਓ ਤੇ ਮਹਿਲਾ ਮੁਲਾਜ਼ਮਾਂ ਸਮੇਤ ਸਮੂਹ ਦਫ਼ਤਰੀ ਅਮਲੇ ਨੂੰ ਬੰਦੀ ਬਣਾ ਲਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਦਫ਼ਤਰ ਦੇ ਮਗਨਰੇਗਾ ਸੈਕਟਰੀ ਅਤੇ ਇੱਕ ਪੰਚਾਇਤ ਅਫ਼ਸਰ ਦੀ ਤੁਰੰਤ ਬਦਲੀ ਕੀਤੀ ਜਾਵੇ। ਖ਼ਬਰ ਲਿਖੇ ਜਾਣ ਤੱਕ ਦਫ਼ਤਰ ’ਚ ਬੰਦ ਮੁਲਾਜ਼ਮਾਂ ਨੂੰ ਛੁਡਵਾਏ ਜਾਣ ਲਈ ਭਾਵੇਂ ਕੋਈ ਜ਼ਿਲ੍ਹਾ ਅਧਿਕਾਰੀ ਨਹੀਂ ਪਹੁੰਚਿਆ ਪਰ ਮਸਲੇ ਦੇ ਹੱਲ ਲਈ ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ ਤੇ ਐੱਸਐੱਚਓ ਸ਼ੇਰਪੁਰ ਅਮਰੀਕ ਸਿੰਘ ਪੁਲੀਸ ਫੋਰਸ ਸਮੇਤ ਪੁੱਜੇ ਹੋਏ ਸਨ।
ਜਾਣਕਾਰੀ ਅਨੁਸਾਰ ਅੱਜ ਤਕਰੀਬਨ 11 ਵਜੇ ਪਿੰਡ ਖੇੜੀ ਕਲਾਂ ਤੋਂ ‘ਆਪ’ ਦੇ ਆਗੂ ਵਰਕਰਾਂ ਤੇ ਪਿੰਡ ਦੇ ਸਮਾਜ ਸੇਵੀ ਯੁਵਕ ਸੇਵਾਵਾਂ ਕਲੱਬ ਦੇ ਮੈਂਬਰਾਨ ਨੇ ਇੱਕ ਮਗਨਰੇਗਾ ਸੈਕਟਰੀ ’ਤੇ ਮਿਲੀਭੁਗਤ ਨਾਲ ਮਗਨਰੇਗਾ ਦਾ ਕੰਮ ਦੇਣ ਮੌਕੇ ਆਪਹੁਦਰੀਆਂ ਕਰਨ, ਕੁੱਝ ਖਾਸ ਲੋਕਾਂ ਨੂੰ ਬਿਨਾਂ ਕੰਮ ਦੇ ਪੈਸੇ ਪਾਉਣ ਜਦੋਂ ਕਿ ਸੱਚਮੁੱਚ ਕੰਮ ਕਰਨ ਵਾਲਿਆਂ ਪੈਸੇ ਪਾਏ ਜਾਣ ਮੌਕੇ ਖੱਜਲ-ਖੁਆਰ ਕਰਨ ਦੇ ਨਾਲ-ਨਾਲ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਨੂੰ ਪ੍ਰਫੁੱਲਤ ਕਰਨ ਦੇ ਦੋਸ਼ ਲਾਏ। ਬੀਡੀਪੀਓ ਦਫ਼ਤਰ ਦੇ ਦੋਵੇਂ ਗੇਟ ਘੇਰਕੇ ਮੁਲਾਜ਼ਮਾਂ ਨੂੰ ਬੰਦੀ ਬਣਾਏ ਜਾਣ ਮਗਰੋਂ ਸ਼ਾਮ ਤੱਕ ਕਿਸੇ ਨੂੰ ਦਫ਼ਤਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਧਰਨਾਕਾਰੀਆਂ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਉਕਤ ਮੁਲਾਜ਼ਮਾਂ ਵਿਰੁੱਧ ਪਿੰਡ ਟਿੱਬਾ ਅਤੇ ਈਨਾਬਾਜਵਾ ਤੋਂ ਵੀ ਲੋਕਾਂ ਨੇ ਸ਼ਮੂਲੀਅਤ ਕੀਤੀ। ਯੁਵਕ ਸੇਵਾਵਾਂ ਕਲੱਬ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਕਮਲਜੀਤ ਸਿੰਘ ਬਾਜਵਾ, ਦੀਪੀ ਗੁੰਮਟੀ, ਕੁਲਦੀਪ ਸਿੰਘ ਹੈਪੀ, ਬਿੱਟੂ ਸਿੰਘ, ਕਾਲਾ ਸਿੰਘ, ਸਵਰਨ ਸਿੰਘ, ਰਿੰਪੀ ਸਿੰਘ, ਮੱਖਣ ਸਿੰਘ ਆਦਿ ਨੇ ਮਲਾਜ਼ਮਾਂ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ। ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਮੁਲਾਜ਼ਮਾਂ ਨੂੰ ਸਵੇਰ ਤੋਂ ਬੰਦੀ ਬਣਾਏ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ’ਤੇ ਲੱਗੇ ਦੋਸ਼ਾਂ ਦੀ ਪੜਤਾਲ ਹੋਣੀ ਜ਼ਰੂਰੀ ਹੈ ਪਰ ਧਰਨਾਕਾਰੀ ਤੁਰੰਤ ਬਦਲੀ ਦੀ ਜਿੱਦ ’ਤੇ ਅੜ੍ਹੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਵੇਰ ਤੋਂ ਅੰਦਰਲੇ ਮੁਲਾਜ਼ਮਾਂ ਨੂੰ ਚਾਹ, ਪਾਣੀ ਜਾਂ ਹੋਰ ਸਮੱਗਰੀ ਵੀ ਅੰਦਰ ਨਹੀਂ ਆਉਣ ਦਿੱਤੀ ਗਈ। ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਬਦਲੀ ਤੋਂ ਘੱਟ ਧਰਨਾਕਾਰੀ ਗੱਲ ਕਰਨ ਨੂੰ ਤਿਆਰ ਨਹੀਂ ਹਨ।
ਭ੍ਰਿਸ਼ਟਾਚਾਰ ਨੂੰ ਹਵਾ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਵਿਧਾਇਕ ਪੰਡੋਰੀ
‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਬੀਡੀਪੀਓ ਦਫ਼ਤਰ ਸ਼ੇਰਪੁਰ ਅੱਗੇ ‘ਆਪ’ ਦੇ ਆਗੂ ਵਰਕਰਾਂ ਵੱਲੋਂ ਕਥਿਤ ਭ੍ਰਿਸ਼ਟਾਚਾਰ ਤੇ ਆਪਹੁਦਰੀਆਂ ਵਿਰੁੱਧ ਲਾਏ ਧਰਨੇ ਤੋਂ ਅਗਿਆਨਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਹਵਾ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।