ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 14 ਮਾਰਚ
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਲਈ ਪਿੰਡਾਂ ‘ਚੋਂ ਕਿਸਾਨ ਜਥਿਆਂ ਦਾ ਦਿੱਲੀ ਰਵਾਨਾ ਹੋਣ ਦਾ ਸਿਲਸਿਲਾ ਜਾਰੀ ਹੈ। ਅੱਜ ਪਿੰਡ ਰਾਣਵਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ 17ਵਾਂ ਜੱਥਾ ਜੰਗ ਸਿੰਘ ਰਾਣੂ ਦੀ ਅਗਵਾਈ ‘ਚ ਦਿੱਲੀ ਮੋਰਚੇ ‘ਚ ਸ਼ਾਮਲ ਹੋਣ ਲਈ ਲੋੜੀਂਦਾ ਸਾਮਾਨ ਲੈ ਕੇ ਰਵਾਨਾ ਹੋਇਆ। ਇਸ ਮੌਕੇ ਗੁਰਜੀਤ ਸਿੰਘ ਸੋਹੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਸਿਰਫ਼ ਕਿਸਾਨਾਂ ਨੂੰ ਹੀ ਮਾਰ ਨਹੀਂ ਪੈਣੀ ਸਗੋਂ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ। ਬੇਰੁਜ਼ਗਾਰੀ ਤੇ ਮਹਿੰਗਾਈ ਵਧੇਗੀ, ਛੋਟੀ ਦੁਕਾਨਦਾਰੀ ਤੇ ਮਜ਼ਦੂਰ ਵਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਕਿਸਾਨਾਂ ਦਾ ਸਬਰ ਪਰਖ਼ ਰਹੀ ਹੈ, ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸੰਘਰਸ਼ ਖ਼ਤਮ ਕਰਨਗੇ। ਇਸ ਮੌਕੇ ਨਿਰਮਲ ਸਿੰਘ , ਬਹਾਦਰ ਸਿੰਘ, ਬਲਵੀਰ ਸਿੰਘ, ਸ਼ਮਸ਼ੇਰ ਸਿੰਘ, ਮੱਘਰ ਸਿੰਘ ਬਿਰਦੀ, ਲੱਖੀ ਵੀ ਮੌਜੂਦ ਸਨ।