ਭਵਾਨੀਗੜ੍ਹ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਪ੍ਰੇਰਨਾ ਸਦਕਾ ਪਿੰਡ ਘਨੌੜ ਜੱਟਾਂ ਦੇ ਕਿਸਾਨ ਸੋਨੀ ਸਿੰਘ ਵੱਲੋਂ ਮਜ਼ਦੂਰ ਪਰਿਵਾਰਾਂ ਲਈ ਇੱਕ ਏਕੜ ਵਿੱਚ ਹਰੇ ਚਾਰੇ ਦੀ ਬਿਜਾਈ ਕੀਤੀ ਗਈ। ਯੂਨੀਅਨ ਦੇ ਬਲਾਕ ਆਗੂ ਬਲਵਿੰਦਰ ਸਿੰਘ ਘਨੌੜ ਨੇ ਦੱਸਿਆ ਕਿ ਤੂੜੀ ਦੇ ਰੇਟ ਵਧਣ ਕਾਰਨ ਬੇਜ਼ਮੀਨੇ ਕਿਸਾਨ ਅਤੇ ਮਜ਼ਦੂਰ ਭਰਾਵਾਂ ਤੋਂ ਤੂੜੀ ਖ਼ਰੀਦੀ ਨਹੀ ਗਈ। ਜਿਸ ਕਾਰਨ ਮਜ਼ਦੂਰ ਭਾਈਚਾਰੇ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਇਸ ਮੁਸ਼ਕਲ ਸਮੇ ਵਿੱਚ ਪਿੰਡ ਦੇ ਕਿਸਾਨ ਸੋਨੀ ਸਿੰਘ ਨੇ ਇਕ ਏਕੜ ਹਰੇ ਚਾਰੇ ਦੀ ਬਿਜਾਈ ਕੀਤੀ ਅਤੇ ਰੇਹ, ਖਾਦ, ਤੇਲ ਆਦਿ ਸਾਰੇ ਸਾਮਾਨ ਦਾ ਖਰਚਾ ਵੀ ਕਿਸਾਨ ਨੇ ਆਪਣੇ ਕੋਲੋਂ ਕੀਤਾ। ਉਨ੍ਹਾਂ ਨੇ ਕਿਸਾਨ ਮਜ਼ਦੂਰ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਕਿਸਾਨਾਂ ਨੂੰ ਵੀ ਅਜਿਹੇ ਉਪਰਾਲਿਆਂ ਦੀ ਅਪੀਲ ਕੀਤੀ ਹੈ। -ਪੱਤਰ ਪ੍ਰੇਰਕ