ਪਵਨ ਕੁਮਾਰ ਵਰਮਾ
ਧੂਰੀ, 31 ਜਨਵਰੀ
ਪਿੰਡ ਬੇਨੜੇ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਅਤੇ ਬੀਕੇਯੂ ਉਗਰਾਹਾਂ ਵੱਲੋਂ ਸਾਂਝੇ ਤੌਰ ’ਤੇ ਰੈਲੀ ਕਰ ਕੇ ਹਿੰਦੂਤਵੀ ਫਾਸ਼ੀਵਾਦੀ ਮੋਦੀ ਹਕੂਮਤ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਅਤੇ ਬੀਕੇਯੂ ਉਗਰਾਹਾਂ ਦੇ ਆਗੂ ਰੂਸ ਸਿੰਘ ਬੇਨੜਾ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਇੱਕ ਪਾਸੇ ਪਰ ਉਲਟਾ ਦਿੱਲੀ ਘੋਲ ਅੰਦਰ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਉਨ੍ਹਾਂ ਉੱਪਰ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਦੀ ਮਾਰ ਸਿਰਫ਼ ਇਕੱਲੇ ਕਿਸਾਨਾਂ ’ਤੇ ਹੀ ਨਹੀਂ ਪੇਂਡੂ ਦਲਿਤ ਬੇਜ਼ਮੀਨਿਆਂ ’ਤੇ ਵੀ ਪੈਣੀ ਹੈ। ਕੇਂਦਰ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਨਾਲ ਐੱਫਸੀਆਈ ਵਿਭਾਗ ਨੂੰ ਆਪਣੀਆਂ ਨੀਤੀਆਂ ਦੇ ਨਾਲ ਖਤਮ ਕਰ ਕੇ ਪਿੰਡਾਂ ਵਿੱਚ ਰਹਿ ਰਹੀ ਵੱਡੀ ਪੇਂਡੂ ਬੇਜ਼ਮੀਨਿਆਂ ਦੀ ਆਬਾਦੀ ਨੂੰ ਸਸਤੇ ਰੂਪ ਵਿੱਚ ਮਿਲਣ ਵਾਲੇ ਰਾਸ਼ਨ ਨੂੰ ਵੀ ਖਤਮ ਕਰਨ ਜਾ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਅਨਾਜ ਜਮ੍ਹਾਂ ਕਰਨ ਦੇ ਲਗਾਤਾਰ ਰਸਤੇ ਖੋਲ੍ਹ ਰਹੀ ਹੈ ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੀ ਭੁੱਖਮਰੀ ਵਾਲੀ ਹਾਲਤ ਬਣਾਉਣ ਜਾ ਰਹੀ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਬੀਕੇਯੂ ਉਗਰਾਹਾਂ ਦੇ ਇਸ ਇਕੱਠ ਨੇ ਜੋ ਦਿੱਲੀ ਅੰਦਰ ਚੱਲ ਰਹੇ ਘੋਲ ਸਬੰਧੀ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਕੇ ਜੇਲ੍ਹੀਂ ਡੱਕਿਆ ਜਾ ਰਿਹਾ ਹੈ, ਉਸ ਦੀ ਪੁਰਜ਼ੋਰ ਨਿਖੇਧੀ ਕੀਤੀ।