ਖੇਤਰੀ ਪ੍ਰਤੀਨਿਧ
ਧੂਰੀ, 30 ਜੂਨ
ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਵਿੱਚ ਨੌਵੀ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰੇ ਵਿਖੇ ਲੱਗਿਆ ਖਿਰਨੀ ਦਾ ਇਤਿਹਾਸਕ ਦਰੱਖਤ ਜੋ ਪਿਛਲੇ ਕਈ ਸਾਲਾਂ ਤੋਂ ਕਿਸੇ ਕਾਰਨ ਵੱਧ ਫੁੱਲ ਨਹੀਂ ਰਿਹਾ, ਦੀ ਦੇਖ-ਰੇਖ ਤੇ ਉਸ ਦਾ ਇਲਾਜ ਸੰਗਰੂਰ ਖੇਤੀਬਾੜੀ ਵਿਭਾਗ ਨੇ ਸੇਵਾ ਵਜੋਂ ਆਪਣੇ ਪੱਧਰ ’ਤੇ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਜਸਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੀਡੀਆ ਵੱਲੋਂ ਇਸ ਇਤਿਹਾਸਿਕ ਦਰੱਖਤ ਵਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਨਾਲ ਗੱਲਬਾਤ ਕਰਕੇ ਇਸ ਦਰੱਖਤ ਦੀ ਸਾਭ ਸੰਭਾਲ ਤੇ ਇਸ ਇਲਾਜ ਆਪਣੇ ਪੱਧਰ ’ਤੇ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਵਿਭਾਗ ਵੱਲੋਂ ਦਰੱਖਤ ਦੇ ਕੁਝ ਨਮੂਨੇ ਲਏ ਗਏ ਹਨ ਉਸ ਦੀ ਰਿਪੋਰਟ ਅਨੁਸਾਰ ਹੀ ਦਰੱਖ਼ਤ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੰਗਰੂਰ ਖੇਤੀਬਾੜੀ ਵਿਭਾਗ ਵੱਲੋਂ ਧੂਰੀ ਅੰਦਰ ਕਈ ਅਜਿਹੇ ਦਰੱਖ਼ਤਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਮੁੜ ਤੋਂ ਹਰਿਆ ਭਰਿਆ ਕੀਤਾ ਗਿਆ ਹੈ।