ਪੱਤਰ ਪ੍ਰੇਰਕ
ਲਹਿਰਾਗਾਗਾ, 18 ਜਨਵਰੀ
ਇੱਥੇ ਪਿਛਲੇ ਹਫ਼ਤੇ ਤੋਂ ਤਾਪਮਾਨ 10 ਡਿਗਰੀ ਦੇ ਆਸਪਾਸ ਰਹਿਣ ਕਰ ਕੇ ਲੋਕ ਘਰਾਂ ’ਚ ਰਹਿਣ ਲਈ ਮਜਬੂੁਰ ਹਨ। ਰੋਜ਼ ਕਮਾ ਕੇ ਪਰਿਵਾਰ ਪਾਲਣ ਵਾਲੇ ਦਿਹਾੜੀਦਾਰ ਮਜ਼ਦੂਰ ਕੰਮ ਲਈ ਬਾਹਰ ਤਾਂ ਆਉਂਦੇ ਹਨ ਪਰ ਅੱਗ ਸੇਕਣ ਲਈ ਮਜਬੂਰ ਹਨ। ਬਾਜ਼ਾਰ ’ਚ ਵੀ ਰਿਕਸ਼ਾ ਰੇਹੜੀ ਚਾਲਕ, ਦਿਹਾੜੀਦਾਰ ਮਜ਼ਦੂਰ ਅੱਗ ਸੇਕਦੇ ਰਹੇ। ਧੁੱਪ ਨਾ ਨਿਕਲਣ ਕਰ ਕੇ ਬੱਸਾਂ ਤੇ ਦੂਜੇ ਵਾਹਨ ਚਾਲਕ ਲਾਈਟਾਂ ਜਗਾ ਕੇ ਸਫ਼ਰ ਕਰ ਰਹੇ ਹਨ। ਉਧਰ, ਪਾਵਰਕੌਮ ਵੱਲੋਂ ਸ਼ਹਿਰ ਦੀ ਬਿਜਲੀ ਦਾ ਕੱਟ ਲਾਉਣ ਕਰ ਕੇ ਦੁਕਾਨਦਾਰਾਂ ਨੂੰ ਔਖ ਆ ਰਹੀ ਹੈ। ਧੁੰਦ ਅਤੇ ਠੰਢ ਕਰ ਕੇ ਗਰਮ ਕੱਪੜੇ ਦੀ ਖ਼ਰੀਦ ਵਧ ਗਈ ਹੈ।
ਇਸ ਮਹੀਨੇ ਠੰਢ ਵਧਣ ਕਰ ਕੇ ਲੋਕ ਚਿੰਤਤ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਧੁੰਦ/ ਠੰਢ ਤੋਂ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਪਰ ਮੀਂਹ ਫ਼ਸਲਾਂ ਲਈ ਮਾਰੂ ਸਾਬਿਤ ਹੋ ਰਿਹਾ ਹੈ। ਦੋ ਹਫ਼ਤੇ ਪਹਿਲਾਂ ਤਿੰਨ-ਚਾਰ ਦਿਨ ਪਏ ਮੀਂਹ ਕਾਰਨ ਕਣਕ ਸਣੇ ਸਬਜ਼ੀਆਂ ਆਦਿ ਪ੍ਰਭਾਵਿਤ ਹੋਈਆਂ ਸਨ। ਦੁਕਾਨਦਾਰਾਂ ਸੁਰੇਸ਼ ਕੁਮਾਰ, ਸੈਮ, ਰਾਧੇ ਸ਼ਿਆਮ, ਹਰੀਸ਼ ਹੈਰੀ ਨੇ ਦੱਸਿਆ ਕਿ ਠੰਢ ਦਾ ਅਸਰ ਵਪਾਰ ’ਤੇ ਪਿਆ ਹੈ। ਠੰਢ ਕਰ ਕੇ ਲੋਕ ਘਰੋਂ ਬਾਹਰ ਨਿਕਲਣ ਤੋਂ ਝਿਜਕਦੇ ਹਨ ਜਿਸ ਕਰ ਕੇ ਬਾਜ਼ਾਰ ਖਾਲੀ ਹੋ ਗਏ ਹਨ। ਇੱਕ ਮੈਡੀਕਲ ਮਾਹਿਰ ਨੇ ਦੱਸਿਆ ਕਿ ਠੰਢ ਕਰ ਕੇ ਜੁਕਾਮ, ਬੁਖਾਰ, ਖੰਘ ਆਦਿ ਦੇ ਪੀੜਤ ਲੋਕਾਂ ਦੀ ਗਿਣਤੀ ਵਧ ਗਈ ਹੈ। ਰਿਕਸ਼ਾ ਰੇਹੜੀ ਚਾਲਕ ਤਰਲੋਕ ਚੰਦ, ਜਿੰਦਰ, ਸਿੰਦੀ ਤੇ ਜੀਤੀ ਆਦਿ ਦਾ ਕਹਿਣਾ ਹੈ ਕਿ ਉਹ ਕੰਮ ਦੀ ਆਸ ’ਚ ਠੰਢ ਵਿਚ ਸਵੇਰੇ ਆਉਂਦੇ ਹਨ ਤੇ ਪੂਰਾ ਦਿਨ ਸੇਕ ਕੇ ਖਾਲੀ ਹੱਥ ਘਰ ਵਾਪਸ ਪਰਤਦੇ ਹਨ।