ਪੱਤਰ ਪ੍ਰੇਰਕ
ਸ਼ੇਰਪੁਰ, 7 ਜੁਲਾਈ
ਸਰਕਾਰੀ ਹਸਪਤਾਲ ਸ਼ੇਰਪੁਰ ’ਚ ਦੇਰ ਰਾਤ ਗੰਭੀਰ ਹਾਲਤ ਵਿੱਚ ਲਿਆਂਦੇ ਮਰੀਜ਼ ਨੂੰ ਹਸਪਤਾਲ ਦੇ ਡਿਊਟੀ ਅਮਲੇ ਵੱਲੋਂ ਬਿਨਾਂ ਕੋਈ ਮੁਢਲੀ ਸਹਾਇਤਾ ਅਤੇ ਬਿਨਾਂ ਕਿਸੇ ਰੈਫ਼ਰ ਸਲਿੱਪ ਤੋਂ ਵਾਪਸ ਭੇਜ ਦੇਣ ਦਾ ਮਾਮਲਾ ਹੁਣ ਤੂਲ ਫੜਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ’ਤੇ ਐੱਸਐੱਮਓ ਕਿਰਪਾਲ ਸਿੰਘ ਵੱਲੋਂ ਪੜਤਾਲ ਆਰੰਭਣ ਦਾ ਖੁਲਾਸਾ ਕੀਤਾ ਹੈ।
ਜਾਣਕਾਰੀ ਅਨੁਸਾਰ ਲੰਘੀ 4 ਜੁਲਾਈ ਨੂੰ ਦੇਰ ਰਾਤ ਸ਼ੇਰਪੁਰ ਦਾ ਵਸਨੀਕ ਮਨਜੀਤ ਸਿੰਘ ਧਾਮੀ ਆਪਣੇ ਘਰ ਅਚਾਨਕ ਬੇਹੋਸ਼ ਹੋ ਗਿਆ ਜਿਸ ਨੂੰ ਗੁਆਂਢੀਆਂ ਨੇ ਤੁਰੰਤ ਹਸਪਤਾਲ ਲਿਆਂਦਾ ਪਰ ਪੀੜਤ ਨੇ ਡਿਊਟੀ ਅਮਲੇ ’ਤੇ ਉਸ ਨੂੰ ਹਸਪਤਾਲ ਦਾਖਲ ਨਾ ਕਰਨ, ਮੁੱਢਲੀ ਸਹਾਇਤਾ ਨਾ ਦੇਣ ਅਤੇ ਡਿਊਟੀ ਦੇ ਬਾਵਜੂਦ ਅੱਗੇ ਹਸਪਤਾਲ ਰੈਫ਼ਰ ਨਾ ਕਰ ਦੇਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪਟਿਆਲਾ ਤੋਂ ਸਿਹਤਯਾਬ ਹੋ ਕੇ ਪਰਤੇ ਮਨਜੀਤ ਸਿੰਘ ਧਾਮੀ ਨੇ ਕਿਹਾ ਇਸ ਮਾਮਲੇ ’ਤੇ ਐਕਸ਼ਨ ਕਮੇਟੀ ਦਾ ਗਠਨ ਕਰਨ ਤੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 10 ਜੁਲਾਈ ਨੂੰ ਸ਼ੇਰਪੁਰ ’ਚ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਕੀਤੀ ਜਾਵੇਗੀ।
ਐੱਸਐੱਮਓ ਕਿਰਪਾਲ ਸਿੰਘ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਸ਼ੁਰੂ ਕਰਨ ਖੁਲਾਸਾ ਕਰਦਿਆਂ ਦੱਸਿਆ ਕਿ ਅਮਲੇ ਦੀ ਘਾਟ ਦੇ ਬਾਵਜੂਦ ਰਾਤ ਸਮੇਂ ਐਮਰਜੈਂਸੀ ਡਿਊਟੀ ਕਰਨ ਵਾਲਿਆਂ ਨੂੰ ਰਾਹਤ ਦਿੱਤੀ ਜਾਂਦੀ ਹੈ।
ਖਾਲੀ ਅਸਾਮੀਆਂ ਸਬੰਧੀ ਉਨ੍ਹਾਂ ਦੱਸਿਆ ਕਿ ਛੇ ਮੈਡੀਸਨ, ਗਾਇਨੀ, ਬੱਚਿਆਂ ਤੇ ਹੱਡੀਆਂ ਦੇ ਡਾਕਟਰ ਸਮੇਤ ਮਾਹਰ ਡਾਕਟਰਾਂ ਦੀਆਂ ਛੇ ਅਸਾਮੀਆਂ ਖਾਲੀ ਹਨ ਜਦੋਂ ਕਿ ਉਨ੍ਹਾਂ ਕੋਲ ਇੱਕ ਮੈਡੀਕਲ ਅਫ਼ਸਰ ਹੈ ਅਤੇ ਲੈਬਾਰਟਰੀ ਵਿੱਚ 6 ਅਸਾਮੀਆਂ ਹਨ ਜੋ ਖਾਲੀ ਹਨ। ਇਸੇ ਤਰ੍ਹਾਂ ਹਸਪਤਾਲ ’ਚ ਐਂਬੂਲੈਂਸ ਦੀ ਵੀ ਘਾਟ ਹੈ।