ਹਰਦੀਪ ਸਿੰਘ ਸੋਢੀ
ਧੂਰੀ, 11 ਅਪਰੈਲ
ਪਿੰਡ ਮੀਮਸਾ ਵਿੱਚ ਨਾਬਾਲਿਗ ਦਲਿਤ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਸੂਤਰਾਂ ਅਨੁਸਾਰ ਕੁੱਟਮਾਰ ਕਰਨ ਵਾਲੇ ਤਿੰਨ ਨਾਬਾਲਗਾਂ ਵਿਚ ਇਕ ਦਲਿਤ ਅਤੇ 2 ਬੱਚੇ ਉਚ ਜਾਤੀ ਦੇ ਦੱਸੇ ਜਾ ਰਹੇ ਹਨ। ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਨੇਮਪਾਲ ਸਿੰਘ (12) ਪੁੱਤਰ ਰਘਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਆਪਣੇ ਸਾਥੀ ਦੋਸਤਾਂ ਨਾਲ ਪਿੰਡ ਦੀ ਇਕ ਦੁਕਾਨ ’ਤੇ ਟਿੱਕੀਆਂ ਖਾਣ ਗਿਆ, ਪਰ ਖਾਣ-ਪੀਣ ਮਗਰੋਂ ਉਸ ਦੇ ਸਾਥੀ ਖਿਸਕ ਗਏ ਅਤੇ ਦੁਕਾਨਦਾਰ ਨੇ ਉਸ ਨੂੰ ਫੜ ਲਿਆ। ਸੱਚਾਈ ਦੁਕਾਨਦਾਰ ਨੂੰ ਜ਼ਾਹਿਰ ਕਰਨ ਮਗਰੋਂ ਉਸ ਦੇ ਸਾਥੀ ਬੱਚਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬੰਨ ਕੇ ਲਮਕਾਇਆ ਗਿਆ ਤੇ ਘੜੀਸਿਆ ਗਿਆ। ਜਦੋਂ ਉਸ ਦੀ ਮਾਤਾ ਨੂੰ ਘਟਨਾ ਸਬੰਧੀ ਪੁੱਛਿਆ ਤਾਂ ਉਸ ਨੇ ਦੂਜੀ ਧਿਰ ਨਾਲ ਗੱਲ ਚੱਲਦੀ ਹੋਣ ਬਾਰੇ ਕਹਿ ਕੇ ਵਿਸਥਾਰ ’ਚ ਦੱਸਣ ਤੋਂ ਇਨਕਾਰ ਕਰ ਦਿੱਤਾ। ਪਿੰਡ ਦੇ ਸਰਪੰਚ ਸੁਖਬੀਰ ਸਿੰਘ ਉਰਫ ਕਾਲਾ ਨਾਲ ਘਟਨਾ ਬਾਰੇ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰੀਬ 3-4 ਦਿਨ ਪਹਿਲਾਂ ਪਿੰਡ ਦੇ ਬੱਚੇ ਆਪਸ ਵਿਚ ਲੜ ਪਏ ਸੀ, ਜਿਸ ਤੋਂ ਬਾਅਦ ਮਾਮਲਾ ਪਿੰਡ ਪੱਧਰ ’ਤੇ ਹੀ ਨਿੱਬੜ ਗਿਆ ਸੀ। ਇਸ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ।