ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਨਵੰਬਰ
ਲਹਿਰਾਗਾਗਾ-ਸੁਨਾਮ ਸੜਕ ’ਤੇ ਪੈਂਦੀ ਘੱਗਰ ਬ੍ਰਾਂਚ ਨਹਿਰ ਦੇ ਟੁੱਟੇ ਪੁਲ ਦੇ ਕੰਮ ਨੂੰ ਪਾਣੀ ਆਉਣ ਕਾਰਨ ਵਿਭਾਗ ਨੇ ਕੰਮ ਵਿਚਾਲੇ ਛੱਡ ਕੇ ਆਰਜ਼ੀ ਬਣਾਇਆ ਰਸਤਾ ਵੀ ਨਹਿਰੋਂ ਮਿੱਟੀ ਕੱਢ ਕੇ ਸਾਫ਼ ਕਰਨਾ ਸ਼ੁਰੂ ਕਰਕੇ ਰਸਤਾ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਪੁਲ ਟੁੱਟਣ ਕਰਕੇ ਬੀਬੀ ਭੱਠਲ ਦੀ ਹਦਾਇਤ ’ਤੇ 16 ਅਕਤਬੂਰ ਨੂੰ 90 ਲੱਖ ਦੀ ਲਾਗਤ ਨਾਲ ਪੁਲ ਇੱਕ ਮਹੀਨੇ ’ਚ ਚਾਲੂ ਕਰਨ ਦੀ ਹਦਾਇਤ ਕੀਤੀ ਸੀ ਤੇ ਨਹਿਰੀ ਵਿਭਾਗ ਨੇ ਘੱਗਰ ਬ੍ਰਾਂਚ ਨਹਿਰ ਦੀ ਪੁਲ ਆਦਿ ਬਣਾਉਣ ਅਈ 15 ਨਵੰਬਰ ਤੱਕ ਦੀ ਮਨਜ਼ੂਰੀ ਦਿੱਤੀ ਸੀ ਪਰ ਵਰਲਡ ਬੈਂਕ ਇੱਕ ਮਹੀਨੇ ’ਚ ਪੁਲ ਜਾਂ ਸਥਾਈ ਬਦਲਵਾਂ ਪੁਲ ਬਣਾਉਣ ’ਚ ਅਸਫਲ ਹੋਣ ਕਾਰਨ ਨਹਿਰੀ ਵਿਭਾਗ ਨੇ ਅੱਜ ਤੋਂ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਨਹਿਰੀ ਵਿਭਾਗ ਦਿਆਲਪੁਰਾ ਸਬ ਡਿਵੀਜਨ ਦੇ ਐੱਸਡੀਓ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਵਿਭਾਗ ਨੇ ਬੋਹਾ-ਬੁਢਲਾਡਾ ਦੇ ਲੋਕਾਂ ਦੀ ਮੰਗ ’ਤੇ ਨਹਿਰ ’ਚ ਪਾਣੀ ਚਲਾਉਣ ਦਾ ਫੈਸਲਾ ਕੀਤਾ ਹੈ। ਕਿਉਂਕਿ ਇਸ ਇਲਾਕੇ ਦੇ ਜਲਘਰ ਤੇ ਧਰਤੀ ਹੇਠਲਾ ਪਾਣੀ ਯੋਗ ਨਾ ਹੋਣ ਕਰਕੇ ਫਸਲਾਂ ਲਈ ਪਾਣੀ ਸਪਲਾਈ ਕਰਨਾ ਵਿਭਾਗ ਦੀ ਜ਼ਿੰਮੇਵਾਰੀ ਹੈ ਪਰ ਲੋਕ ਨਿਰਮਾਣ ਵਿਭਾਗ ਮਿੱਥੇ ਸਮੇਂ ’ਚ ਪੁਲ ਦੀ ਉਸਾਰੀ ਕਰਨ ’ਚ ਅਸਫਲ ਰਿਹਾ ਹੈ। ਸ਼ਹਿਰੀ ਤੇ ਪੇਂਡੂ ਵਿਕਾਸ ਸੁਸਾਇਟੀ ਦੇ ਦੀਪਕ ਜੈਨ ਨੇ ਮੁੱਖ ਮੰਤਰੀ ਤੇ ਮੁੱਖ ਸਕੱਤਰ ਨੂੰ ਮੇਲ ਭੇਜ ਕੇ ਬਦਲਵਾਂ ਲਾਂਘਾ ਬਣਾਉਣ ਦੀ ਮੰਗ ਕੀਤੀ ਸੀ। ਅੱਜ ਸਵੇਰੇ ਸੈਂਕੜੇ ਦੀ ਗਿਣਤੀ ’ਚ ਪਿੰਡਾਂ ਤੋਂ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਕੋਈ ਰਾਹ ਨਾ ਹੋਣ ਕਰਕੇ ਵਾਪਸ ਮੁੜਣਾ ਪਿਆ। ਪੀਡਬਲਯੂਡੀ ਦੇ ਐੱਸਡੀਓ ਰਤਨ ਜਿੰਦਲ ਤੇ ਜੇਈ ਵਿਸ਼ਵ ਬੈਂਕ ਸੁਖਬੀਰ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਪਾਣੀ ਛੱਡਣ ਕਰਕੇ ਉਹ ਨਹਿਰ ’ਚ ਮਿੱਟੀ ਪਾ ਕੇ ਬਣਾਏ ਆਰਜ਼ੀ ਰਸਤੇ ਨੂੰ ਖਤਮ ਕਰ ਰਹੇ ਹਨ ਕਿਉਂਕਿ ਨਹਿਰ ’ਚ ਫੁਲ ਪਾਣੀ ਆਉਣ ਕਾਰਨ ਲਹਿਰਾਗਾਗਾ ਦੇ ਡੁੱਬਣ ਦਾ ਖਦਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੁਬਾਰਾ ਬੰਦੀ ਮਿਲਣ ’ਤੇ 10-15 ਦਿਨਾਂ ’ਚ ਕੰਮ ਪੂਰਾ ਕਰ ਦਿੱਤਾ ਜਾਵੇਗਾ।