ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦੋ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਨੇੜਲੇ ਪਿੰਡ ਘਰਾਚੋਂ ਦਾ ਨੌਜਵਾਨ ਸੁਖਚੈਨ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਲਹਿਰਾ ਕੇ ਆਪਣੀ ਬਰਾਤ ਚੜ੍ਹਿਆ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਮੁੱਚੇ ਪੰਜਾਬ ਵਾਂਗ ਭਵਾਨੀਗੜ੍ਹ ਇਲਾਕੇ ਵਿੱਚ ਵੀ ਲੰਬੇ ਸਮੇਂ ਤੋਂ ਟੌਲ ਪਲਾਜ਼ਿਆਂ ਅਤੇ ਪੈਟਟੌਲ ਪੰਪਾਂ ’ਤੇ ਧਰਨੇ ਜਾਰੀ ਹਨ। ਇਨ੍ਹਾਂ ਧਰਨਿਆਂ ਵਿੱਚ ਹੀ ਕਿਸਾਨਾਂ ਨੇ ਦੀਵਾਲੀ ਅਤੇ ਦਸਹਿਰਾ ਸਮੇਤ ਸਾਰੇ ਤਿਉਹਾਰ ਮਨਾਏ। ਕਿਸਾਨ ਸੰਘਰਸ਼ ਦਾ ਅਸਰ ਹੁਣ ਵਿਆਹਾਂ ’ਤੇ ਵੀ ਪੈਣ ਲੱਗ ਪਿਆ ਹੈ। ਭਵਾਨੀਗੜ੍ਹ ਇਲਾਕੇ ਵਿੱਚ ਪਹਿਲਾਂ ਪਿੰਡ ਘਰਾਚੋਂ ਤੇ ਫਿਰ ਰੇਤਗੜ੍ਹ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਲਹਿਰਾ ਕੇ ਬਰਾਤ ਚੜ੍ਹੀ ਸੀ ਅਤੇ ਅੱਜ ਪਿੰਡ ਘਰਾਚੋਂ ਵਿੱਚ ਕਿਸਾਨ ਮੇਜਰ ਸਿੰਘ ਦਾ ਪੁੱਤਰ ਸੁਖਚੈਨ ਸਿੰਘ ਵੀ ਆਪਣੀ ਬਰਾਤ ਕਿਸਾਨ ਯੂਨੀਅਨ ਦੇ ਝੰਡੇ ਲਹਿਰਾ ਕੇ ਚੜ੍ਹਿਆ ਹੈ। ਇਸ ਮੌਕੇ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਵਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ ਤੇ ਆਪਣੇ ਵਿਆਹ ਤੋਂ ਬਾਅਦ ਵੀ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਪੰਜਾਬ ਦੇ ਲੋਕਾਂ ’ਚ ਭਾਰੀ ਰੋਸ ਫੈਲ ਗਿਆ ਹੈ, ਜਿਸ ਕਾਰਨ ਉਹ ਆਪਣੇ ਖੁਸ਼ੀ ਦੇ ਪਲ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਕਰ ਰਹੇ ਹਨ। ਬਰਾਤ ਰਵਾਨਾ ਹੋਣ ਮੌਕੇ ‘ਕਿਸਾਨ ਏਕਤਾ ਜ਼ਿੰਦਾਬਾਦ’ ਤੇ ‘ਮੋਦੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾਏ ਗਏ।