ਸ਼ੇਰਪੁਰ: ਪੰਜਾਬ ਸਰਕਾਰ ਵੱਲੋਂ ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਕੈਬਨਿਟ ਮੀਟਿੰਗ ਵਿੱਚ ਵਿਚਾਰੇ ਜਾਣ ਸਬੰਧੀ ਆਏ ਬਿਆਨਾਂ ਮਗਰੋਂ ਹੁਣ ਸਰਬ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ 3807 ਉਨ੍ਹਾਂ ਅਧਿਆਪਕਾਂ ਨੂੰ ਆਪਣੀਆਂ ਆਸਾਮੀਆਂ ਪੱਕੇ ਹੋਣ ਦੀ ਆਸ ਬੱਝੀ ਹੈ, ਜਿਹੜੇ ਅਧਿਆਪਕ ਆਪਣੀ ਨਿਯੁਕਤੀ ਸਮੇਂ ਤੋਂ ਆਪਣੀ ਯੋਗਤਾ ਪੂਰੀ ਕਰਦੇ ਹਨ। ਟਰੇਂਡ ਸਿੱਖਿਆ ਪ੍ਰੋਵਾਈਡਰ ਯੂਨੀਅਨ ਨੇ ਸੂਬਾਈ ਆਗੂ ਜੁਗਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਜਾ ਰਹੇ 36 ਹਜ਼ਾਰ ਮੁਲਾਜ਼ਮਾਂ ਵਿੱਚ ਟਰੇਂਡ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕੇ ਕੀਤੇ ਜਾਣ ਦੀ ਸੰਭਾਵਨਾ ਬਾਰੇ ਸਬੰਧਤ ਅਧਿਕਾਰੀ ਜਾਣਕਾਰੀ ਤੱਕ ਸਾਂਝੀ ਕਰਨ ਤੋਂ ਵੀ ਇਨਕਾਰੀ ਸਨ। ਆਗੂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਟਰੇਂਡ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਲੈ ਕੇ ਵੱਡੀ ਰਾਹਤ ਦੇਵੇ। -ਪੱਤਰ ਪ੍ਰੇਰਕ