ਬੀਰਬਲ ਰਿਸ਼ੀ
ਸ਼ੇਰਪੁਰ, 9 ਅਕਤੂਬਰ
ਵਿਵਾਦਾਂ ’ਚ ਘਿਰੀ ਰਣੀਕੇ ਚੌਕੀ ਵੱਲੋਂ ਸੁਲਤਾਨਪੁਰ ਮਾਮਲੇ ’ਚ ਅੱਜ ਸਵੇਰ ਸਮੇਂ ਕੁੱਝ ਘਰਾਂ ’ਚ ਛਾਪੇ ਮਾਰਨ ਦੇ ਬਾਵਜੂਦ ਨਸ਼ਿਆਂ ਦੀ ਬਰਾਮਦਗੀ ਸਬੰਧੀ ਪੁਲੀਸ ਦੇ ਹੱਥ ਤੀਜੇ ਦਿਨ ਵੀ ਖਾਲੀ ਹਨ। ਗ੍ਰਾਮ ਪੰਚਾਇਤ ਨੇ ਨਸ਼ਿਆਂ ਵਿਰੁੱਧ ਸੰਘਰਸ਼ ਤਿੱਖਾ ਕਰਦਿਆਂ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਰਿਸ਼ਵਤਖੋਰੀ, ਪਿੰਡ ਵਿੱਚ ਨਸ਼ੇ ਵਿਕਣ ਤੇ ਚੋਰੀ ਦੀਆਂ ਵਾਰਦਾਤਾਂ ਸਬੰਧੀ ਪੰਚਾਇਤ, ਬੀਕੇਯੂ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਨੇ ਚੱਕਾ ਜਾਮ ਕੀਤਾ ਸੀ।
ਸਵੇਰ ਸਮੇਂ ਸੁਲਤਾਨਪੁਰ ’ਚ ਛਾਪੇ ਮਾਰਨ ਦੀ ਪੁਸ਼ਟੀ ਕਰਦਿਆਂ ਚੌਕੀ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਛਾਪੇ ਮਾਰੇ ਗਏ ਸਨ ਪਰ ਨਸ਼ੇ ਦੀ ਕੋਈ ਬਰਾਮਦਗੀ ਨਹੀਂ ਹੋਈ। ਇਸ ਕਰ ਕੇ ਸਬੰਧਿਤ ਵਿਅਕਤੀਆਂ ਤੋਂ ਮਹਿਜ਼ ਪੜਤਾਲ ਹੀ ਕੀਤੀ ਗਈ ਸੀ।
ਉਧਰ, ਪਿੰਡ ਦੇ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਨੇ ਪੰਚਾਇਤ ਵੱਲੋਂ ਲਏ ਫ਼ੈਸਲੇ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਜ਼ਮਾਨਤ ਲਈ ਪੰਚਾਇਤ ਤੇ ਪਿੰਡ ਵਾਸੀ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ ਜਿਹੜਾ ਵੀ ਪਿੰਡ ਵਿੱਚ ਨਸ਼ਾ ਵੇਚੇਗਾ ਪੰਚਾਇਤ ਦੀ ਅਗਵਾਈ ਹੇਠ ਉਸ ਦੇ ਘਰ ਅੱਗੇ ਧਰਨਾ ਲਗਾਇਆ ਜਾਵੇਗਾ। ਇਸ ਸਬੰਧੀ ਪਿੰਡ ਦੇ ਧਾਰਮਿਕ ਸਥਾਨਾਂ ’ਤੇ ਦਿਨ ਰਾਤ ਮੁਨਾਦੀ ਕਰਵਾ ਕੇ ਲੋਕਾਂ ਨੂੰ ਬਾਕਾਇਦਾ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਹੋਰਨਾ ਪੰਚਾਇਤਾਂ ਨੂੰ ਨਸ਼ਿਆਂ ਤੋਂ ਆਪੋ-ਆਪਣੇ ਪਿੰਡ ਬਚਾਉਣ ਦਾ ਸੱਦਾ ਦਿੱਤਾ। ਇਸ ਵਿਲੱਖਣ ਕਾਰਜ ਲਈ ਸੁਲਤਾਨਪੁਰ ਪੰਚਾਇਤ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ।