ਪਵਨ ਕੁਮਾਰ ਵਰਮਾ
ਧੂਰੀ, 11 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ-ਬਸਪਾ ਅਤੇ ਪੰਥਕ ਜਥੇਬੰਦੀਆਂ ਦੀ ਸਾਂਝੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਇਕ ਪੈਲੇਸ ’ਚ ਭਰਵੀਂ ਰੈਲੀ ਕੀਤੀ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਿੱਖ ਨੁਮਾਇੰਦਾ ਜਥੇਬੰਦੀ ਹੈ, ਜੋ ਪੰਜਾਬ ਦੇ ਹਰ ਮਸਲੇ ’ਤੇ ਚਟਾਨ ਵਾਂਗ ਖੜ੍ਹੀ ਹੈ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ’ਤੇ ਵੀ ਸਿਆਸਤ ਕਰਦਿਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਜੇਲ੍ਹਾਂ ’ਚ ਬੰਦ ਹਨ, ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਬੀਬੀ ਰਾਜੋਆਣਾ ਦੀ ਹਮਾਇਤ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਹਰੀ ਸਿੰਘ ਪ੍ਰੀਤ ਨਾਭਾ, ਮੇਹਰ ਸਿੰਘ, ਜੱਸੀ ਗਰੇਵਾਲ, ਮਨਪ੍ਰੀਤ ਸਿੰਘ ਵਿਧਾਇਕ, ਮਨਵਿੰਦਰ ਆਦਿ ਹਾਜ਼ਰ ਸਨ।
ਚੰਦੂਮਾਜਰਾ ਨੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ
ਮੂਨਕ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉਪ ਚੋਣ ਦੀਆਂ ਜ਼ਿੰਮੇਵਾਰੀਆਂ ਸੌਂਪਦੇ ਹੋਏ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬੰਦੀ ਸਿੰਘਾਂ ਵੱਲੋਂ ਹੰਢਾਇਆ ਜਾ ਰਿਹਾ ਦਰਦ ਸਮੁੱਚੀਆਂ ਮਾਨਵੀ ਕਦਰਾਂ ਕੀਮਤਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਜ਼ਾਦ ਭਾਰਤ ਵਿੱਚ ਜਿਸ ਤਰ੍ਹਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਗੈਰ ਮਨੁੱਖੀ ਕਾਰਵਾਈਆਂ ਕਰ ਕੇ ਅੱਤਿਆਚਾਰ ਤੇ ਤਸ਼ੱਦਦ ਕੀਤੇ, ਉਸੇ ਤਰ੍ਹਾਂ ਅੱਜ ਪੰਜਾਬ ਵਿੱਚ ਨਵੀਂ ‘ਆਪ’ ਦੀ ਸਰਕਾਰ ਨੇ ਗੈਰ ਮਨੁੱਖੀ ਕਾਰਵਾਈਆਂ ਦੀ ਇੰਤਹਾ ਕੀਤੀ ਹੈ, ਉਸ ਦਾ ਸੰਗਰੂਰ ਉਪ ਚੋਣ ਵਿੱਚ ਬਦਲਾ ਲੈਣ ਦਾ ਢੁੱਕਵਾਂ ਮੌਕਾ ਹੈ। ਕਮਲਦੀਪ ਕੌਰ ਰਾਜੋਆਣਾ ਨੇ ਆਪ ਤੇ ਉਸ ਦੇ ਪਰਿਵਾਰ ਨੇ ਦਰਦ ਹੰਢਾਏ, ਜਿਸ ਕਰਕੇ ਉਹ ਅੱਜ ਮਨੁੱਖੀ ਹੱਕਾਂ ਦੀ ਰਾਖੀ ਦੀ ਲੜਾਈ ਵਿਚ ਸਭ ਤੋਂ ਢੁੱਕਵੇਂ ਉਮੀਦਵਾਰ ਹਨ।