ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 14 ਜੂਨ
ਸਥਾਨਕ ਖੰਡ ਮਿੱਲ ਵੱਲ ਕਰੀਬ 12 ਕਰੋੜ ਰੁਪਏ ਦੀ ਰਹਿੰਦੀ ਰਕਮ ਦੀ ਅਦਾਇਗੀ ਕਰਵਾਉਣ ਦੀ ਮੰਗ ਲਈ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਪਿਛਲੇ 12 ਦਿਨਾਂ ਤੋਂ ਮੁੱਖ ਮੰਤਰੀ ਦੇ ਸਥਾਨਕ ਤੋਤਾਪੁਰੀ ਰੋਡ ’ਤੇ ਸਥਿਤ ਦਫ਼ਤਰ ਅੱਗੇ ਲਗਾਇਆ ਗਿਆ ਧਰਨਾ ਲੰਘੀ ਸ਼ਾਮ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ। ਕਿਸਾਨ ਆਗੂ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਪੰਜਾਬ ਦੇ ਪੰਚਾਇਤ ਮੰਤਰੀ ਨਾਲ ਗੰਨਾ ਕਾਸ਼ਤਕਾਰਾਂ ਦੀ ਮੀਟਿੰਗ ਹੋਈ, ਮਗਰੋਂ ਮਿੱਲ ਮੈਨੇਜਮੈਂਟ ਨਾਲ ਕੀਤੀ ਗੱਲਬਾਤ ਤੋਂ ਬਾਅਦ ਮੰਤਰੀ ਵੱਲੋਂ ਦਿੱਤੇ ਭਰੋਸੇ ਅਨੁਸਾਰ ਮਿੱਲ ਪ੍ਰਬੰਧਕਾਂ ਵੱਲੋਂ 15 ਜੂਨ ਨੂੰ ਕਰੀਬ 2 ਕਰੋੜ 50 ਲੱਖ ਰੁਪਏ ਅਤੇ ਸਰਕਾਰ ਵੱਲੋਂ 35 ਰੁਪਏ ਕੁਇੰਟਲ ਦੇ ਮੁਤਾਬਿਕ ਬਣਦੀ ਰਕਮ ਵਿੱਚੋਂ 50 ਲੱਖ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ ਅਤੇ 12 ਕਰੋੜ ਵਿੱਚੋਂ ਬਾਕੀ ਰਹਿੰਦੀ ਰਕਮ 21 ਜੂਨ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ। ਮੰਤਰੀ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਸ਼ੂਗਰ ਮਿੱਲ ਚੱਲਣ ਤੋਂ ਪਹਿਲਾਂ ਮਿੱਲ ਮੈਨੇਜਮੈਂਟ ਅਤੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦਰਮਿਆਨ ਮੀਟਿੰਗ ਕਰਵਾਈ ਜਾਵੇ ਤਾਂ ਜੋ ਗੰਨੇ ਦੀ ਅਦਾਇਗੀ ਸਬੰਧੀ ਕਿਸੇ ਕਿਸਮ ਦਾ ਵਿਵਾਦ ਪੈਦਾ ਨਾ ਹੋਵੇ। ਚੇਅਰਮੈਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਜੇਕਰ ਵਾਅਦੇ ਮੁਤਾਬਿਕ ਕੱਲ੍ਹ ਤੱਕ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਨਾ ਪਈ ਤਾਂ ਸੰਘਰਸ਼ ਨੂੰ ਮੁੜ ਭਖਾਇਆ ਜਾਵੇਗਾ।