ਹਰਦੀਪ ਸਿੰਘ ਸੋਢੀ
ਧੂਰੀ, 7 ਜੂਨ
ਖੰਡ ਮਿੱਲ ਧੂਰੀ ਨੂੰ ਵੇਚੇ ਗੰਨੇ ਦੀ ਅਦਾਇਗੀ ਕਰਵਾਉਣ ਦੀ ਮੰਗ ਲਈ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਥਾਨਕ ਦਫ਼ਤਰ ਅੱਗੇ ਲਗਾਇਆ ਗਿਆ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਗਰਮੀ ’ਚ ਤਿੰਨ ਗੰਨਾ ਕਾਸ਼ਤਕਾਰ ਮੁੱਖ ਮੰਤਰੀ ਦਫ਼ਤਰ ਦੀ ਛੱਤ ’ਤੇ ਰੱਖੀ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਿਆ ਹੈ ਅਤੇ ਅੱਜ ਆਰਥਿਕ ਪ੍ਰੇਸ਼ਾਨੀ ਕਾਰਨ ਤਿੰਨ ਗੰਨਾ ਕਾਸ਼ਤਕਾਰ ਅੰਮ੍ਰਿਤ ਕਾਤਰੋਂ, ਜੋਧ ਸਿੰਘ ਬੱਬਨਪੁਰ ਅਤੇ ਮਨਪ੍ਰੀਤ ਸਿੰਘ ਬੱਬਨਪੁਰ ਮੁੱਖ ਮੰਤਰੀ ਦੇ ਸਥਾਨਕ ਦਫ਼ਤਰ ਦੀ ਛੱਤ ’ਤੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੋਂ ਬਾਅਦ ਲਾਗਲੇ ਹਲਕਿਆਂ ਦੇ ‘ਆਪ’ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਅੱਜ ਤੱਕ ਅਦਾਇਗੀ ਦਾ ਮਸਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾਂ ਖੰਡ ਮਿੱਲ ਤੋਂ ਆਪ ਬਕਾਇਆ ਅਦਾਇਗੀ ਦੁਆਉਣ ਦਾ ਭਰੋਸਾ ਦਿਵਾਇਆ ਗਿਆ ਸੀ , ਪਰ ਹੁਣ ਉਹ ਵੀ ਹੋਰਨਾਂ ਸਿਆਸੀ ਆਗੂਆਂ ਵਾਂਗ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਸਰਕਾਰ ਨੇ ਛੇਤੀ ਅਦਾਇਗੀ ਨਾ ਕਰਵਾਈ ਤਾਂ ਉਹ ਲੋਕ ਸਭਾ ਸੰਗਰੂਰ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਨੂੰ ਹਲਕਾ ਧੂਰੀ ਵਿੱਚ ਚੋਣ ਦਫ਼ਤਰ ਨਹੀਂ ਖੋਲ੍ਹਣ ਦੇਣਗੇ। ਜੇਕਰ ਉਹ ਦਫ਼ਤਰ ਖੋਲ੍ਹਣ ਵਿੱਚ ਕਾਮਯਾਬ ਹੋ ਵੀ ਜਾਂਦੇ ਹਨ ਤਾਂ ਉਹ ਦਫ਼ਤਰ ਅੱਗੇ ਮਰਨ ਵਰਤ ’ਤੇ ਬੈਠਣਗੇ ਅਤੇ ‘ਆਪ’ ਉਮੀਦਵਾਰ ਦਾ ਵਿਰੋਧ ਕਰਨਗੇ। ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ ਤੇ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਫੌਰੀ ਦਿਵਾਈ ਜਾਵੇ। ਇਸ ਮੌਕੇ ਉੱਪਰ ਹਰਬੰਸ ਸਿੰਘ ਸਲੇਮਪੁਰ, ਅੰਮ੍ਰਿਤ ਪਾਲ ਸਿੰਘ ਛੰਦੜਾਂ ਵੀ ਹਾਜ਼ਰ ਸਨ।