ਹਰਦੀਪ ਸਿੰਘ ਸੋਢੀ
ਧੂਰੀ, 2 ਜੂਨ
ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਅੱਜ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਤੋਤਾਪੁਰੀ ਰੋਡ ’ਤੇ ਸਥਿਤ ਦਫਤਰ ਅੱਗੇ ਪੱਕਾ ਧਰਨਾ ਲਗਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਗੰਨਾ ਮਿੱਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਗੰਨਾ ਕਾਸ਼ਤਕਾਰਾਂ ਦੀ ਖੰਡ ਮਿੱਲ ਵੱਲ ਰਹਿੰਦੀ ਬਕਾਇਆ ਰਾਸ਼ੀ ਦਿਵਾਉਣ ਦੀ ਮੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਗੰਨੇ ਦੀ ਬਕਾਇਆ ਅਦਾਇਗੀ ਸਬੰਧੀ ਜਿੱਥੇ ਪਹਿਲਾਂ ਵੀ ਅਨੇਕਾਂ ਵਾਰ ਸੰਘਰਸ਼ ਕਰਨਾ ਪਿਆ ਹੈ, ਉਥੇ ਹੀ ਲੰਘੀ 10 ਮਈ ਨੂੰ ਵੀ ਮੁੱਖ ਮੰਤਰੀ ਦੇ ਦਫਤਰ ਅੱਗੇ ਪੱਕਾ ਧਰਨਾ ਲਗਾਇਆ ਗਿਆ ਸੀ ਅਤੇ ਰਾਤ ਭਰ ਧਰਨਾ ਚੱਲਣ ਤੋਂ ਬਾਅਦ 11 ਮਈ ਦੀ ਸ਼ਾਮ ਨੂੰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸਾਨੂੰ ਹਰ ਹਫਤੇ ਤਿੰਨ ਕਰੋੜ ਦੀ ਅਦਾਇਗੀ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ। ਪ੍ਰੰਤੂ ਇਸ ਭਰੋਸੇ ਦੇ ਉਲਟ ਤਿੰਨ ਹਫਤਿਆਂ ਵਿਚ ਸਿਰਫ ਡੇਢ ਕਰੋੜ ਰੁਪਏ ਦੀ ਹੀ ਅਦਾਇਗੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਅਦਾਇਗੀ ਨਾ ਹੋਣ ਕਾਰਨ ਜਿੱਥੇ ਗੰਨਾ ਕਾਸ਼ਤਕਾਰਾਂ ਨੂੰ ਆਪਣੇ ਘਰ ਦਾ ਖਰਚ ਚਲਾਉਣਾ ਮੁਸ਼ਕਲ ਹੋ ਗਿਆ ਹੈ, ਉਥੇ ਹੀ ਖੇਤੀ ਲਈ ਰੇਹ, ਤੇਲ ਸਮੇਤ ਹੋਰ ਸਾਮਾਨ ਖਰੀਦਣ ਲਈ ਵੀ ਭਾਰੀ ਆਰਥਿਕ ਸੰਕਟ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਲੰਘੀਆਂ ਵਿਧਾਨ ਸਭਾ ਚੋਣਾਂ ’ਚ ਧੂਰੀ ਤੋਂ ਆਪ ਦੇ ਉਮੀਦਵਾਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਚੋਣ ਪ੍ਰਚਾਰ ਛੱਡ ਕੇ ਗੰਨਾ ਕਾਸ਼ਤਕਾਰਾਂ ਦੀ ਆਵਾਜ਼ ਨੂੰ ਲੋਕ ਸਭਾ ਵਿਚ ਚੁੱਕਣ ਦੇ ਮਾਮਲੇ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਜਿਸ ਦਿਨ ਸ੍ਰੀ ਮਾਨ ਧੂਰੀ ਵਿਖੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਤੁਸੀਂ ਬੱਸ 20 ਦਿਨ ਦਾ ਇੰਤਜ਼ਾਰ ਕਰ ਲਓ, ਉਸ ਤੋਂ ਬਾਅਦ ਸਮੇਤ ਵਿਆਜ ਪੈਸੇ ਤੁਹਾਡੇ ਖਾਤੇ ਵਿਚ ਹੋਣਗੇ, ਪਰ ਜਦੋਂ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਮੂਲੋਵਾਲ ਸਾਹਿਬ ਦੇ ਗੁਰੂਘਰ ਤੇ ਰਣੀਕੇ ਵਿਖੇ ਸ਼ਿਵ ਮੰਦਰ ਵਿਚ ਮੱਥਾ ਟੇਕਣ ਆਏ ਤਾਂ ਉਨ੍ਹਾਂ ਸਾਡੇ ਨਾਲ ਗੱਲ ਕਰਨੀ ਤੱਕ ਮੁਨਾਸਬ ਨਹੀਂ ਸਮਝੀ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਗੰਨਾ ਕਾਸ਼ਤਕਾਰਾਂ ਦੀ ਖੰਡ ਮਿੱਲ ਵੱਲ ਰਹਿੰਦੀ ਕਰੀਬ 14 ਕਰੋੜ ਰੁਪਏ ਦੀ ਅਦਾਇਗੀ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਅਤੇ ਜੇਕਰ ਜਲਦ ਹੀ ਮਾਮਲਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।