ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਅਕਤੂਬਰ
ਸੱਭਿਆਚਾਰ ਦੀਆਂ ਵੱਖੋ-ਵੱਖਰੀਆਂ ਵੰਨਗੀਆਂ ਨੂੰ ਪੇਸ਼ ਕਰਦਾ ਖੇਤਰੀ ਸਰਸ ਮੇਲਾ ਸਰਕਾਰੀ ਰਣਬੀਰ ਕਾਲਜ ਦੇ ਵਿਹੜੇ ’ਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮੇਲੇ ਦੇ ਸੱਤਵੇਂ ਦਿਨ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ-ਨਾਲ ਮੁੱਖ ਸਟੇਜ ’ਤੇ ਕਰਵਾਈ ਗਈ ਮਲਟੀ ਸਟਾਰ ਨਾਈਟ ਦਾ ਵੀ ਦਰਸ਼ਕਾਂ ਨੇ ਖ਼ੂਬ ਰੰਗ ਮਾਣਿਆ। ਇਸ ਮੌਕੇ ਪੰਜਾਬੀ ਗਾਇਕੀ ਦੇ ਨਾਮਵਰ ਗਾਇਕਾਂ ’ਚ ਹਰਭਜਨ ਸ਼ੇਰਾ, ਅਰਮਾਨ ਢਿੱਲੋਂ, ਪ੍ਰਭ ਬੈਂਸ, ਚੇਤ ਸਿੰਘ, ਜਸ਼ਨ ਇੰਦਰ, ਸੋਫੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰ ਕੇ ਦੇਰ ਰਾਤ ਤੱਕ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਤੋਂ ਇਲਾਵਾ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਕਲਾਕਾਰਾਂ ਵੱਲੋਂ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਲਗਾਤਾਰ ਮਨੋਰੰਜਨ ਕੀਤਾ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ਦੇ ਦਸਤਕਾਰਾਂ ਤੇ ਕਾਰੀਗਰਾਂ ਵੱਲੋਂ ਹੱਥੀਂ ਤਿਆਰ ਕੀਤੀਆਂ ਵਸਤੂਆਂ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ’ਚ ਰਵਾਇਤੀ ਤੇ ਹੱਥੀਂ ਤਿਆਰ ਕੀਤੀਆਂ ਚੀਜ਼ਾਂ ਵੇਚਣ ਲਈ 200 ਤੋਂ ਵਧੇਰੇ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ’ਚ ਔਰਤਾਂ ਤੇ ਪੇਂਡੂ ਖੇਤਰਾਂ ਦੇ ਵਸਨੀਕ ਵੀ ਆਪਣੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਸ਼ੁੱਧ ਤੇ ਕੁਦਰਤੀ ਉਤਪਾਦ ਲੈ ਕੇ ਪਹੁੰਚੇ ਹੋਏ ਹਨ।