ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਮੋਰਚਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਦੇਸ਼ ਦੇ ਅੰਨਦਾਤਾ ਪ੍ਰਤੀ ਮਾੜੇ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਦੀ ਵਿਰੋਧੀ ਅਤੇ ਲੋਕ ਹਿੱਤਾਂ ਨਾਲ ਖਿਲਵਾੜ ਕਰਨ ਵਾਲੀ ਸਰਕਾਰ ਕਰਾਰ ਦਿੱਤਾ ਹੈ। ਕਿਸਾਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਅਜਿਹੇ ਆਗੂ ਦੇਸ਼ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨਹੀਂ ਸਮਝ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਆਗੂ ਆਪਣਾ ਘਰ ਨਹੀਂ ਚਲਾ ਸਕਦੇ, ਉਹ ਦੇਸ਼ ਨੂੰ ਚਲਾਉਣ ਦੇ ਸਮਰੱਥ ਕਿਵੇਂ ਹੋ ਸਕਦੇ ਹਨ। ਇਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਵਲੋਂ ਅਤੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਰੋਸ ਧਰਨੇ ਲਗਾਤਾਰ ਜਾਰੀ ਹਨ ਅਤੇ ਰੋਜ਼ਾਨਾ ਕਿਸਾਨ ਬੀਬੀਆਂ ਰੋਸ ਧਰਨਿਆਂ ਵਿਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀਆਂ ਹਨ। ਸਟੇਸ਼ਨ ਨੇੜੇ ਰੋਸ ਧਰਨੇ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਰਮੀਤ ਸਿੰਘ ਕਪਿਆਲ, ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਸਿੰਘ ਪੁੰਨਾਂਵਾਲ, ਰੋਹੀ ਸਿੰਘ ਮੰਗਵਾਲ, ਰਾਮ ਸਿੰਘ ਸੋਹੀਆਂ, ਨਿਰਭੈ ਸਿੰਘ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਸ਼ਿੰਦਰ ਸਿੰਘ ਬਡਰੁੱਖਾਂ, ਸਰਦਾਰਾ ਸਿੰਘ ਕਿਲਾਭਰੀਆਂ, ਸਰੂਪ ਚੰਦ, ਗੁਰਦੀਪ ਸਿੰਘ ਕੰਮੋਮਾਜਰਾ, ਲਾਭ ਸਿੰਘ ਖੁਰਾਣਾ, ਕਰਮਜੀਤ ਮੰਗਵਾਲ ਨੇ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਦੇ ਨਸ਼ੇ ਵਿਚ ਕੇਂਦਰ ਸਰਕਾਰ ਲੋਕ ਮਸਲਿਆਂ ਨੂੰ ਭੁਲਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ ਜਿਸ ਨੂੰ ਦੇਸ਼ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਧਰਤੀ ਤੋਂ ਉਠੀ ਅੰਦੋਲਨ ਦੀ ਲਹਿਰ ਸਮੁੱਚੇ ਦੇਸ਼ ਵਿਚ ਫੈਲ ਚੁੱਕੀ ਹੈ ਅਤੇ ਜਨ ਅੰਦੋਲਨ ਬਣ ਚੁੱਕਿਆ ਹੈ। ਆਗੂਆਂ ਨੇ ਹਰ ਵਰਗ ਦੇ ਲੋਕਾਂ ਨੂੰ ਦਿੱਲੀ ਵਿਚ ਚੱਲ ਰਹੇ ਅੰਦੋਲਨ ਦੀ ਹਮਾਇਤ ਵਿਚ ਆਵਾਜ਼ ਬੁਲੰਦ ਕਰਨ ਅਤੇ ਉਲੀਕੇ ਜਾਂਦੇ ਸੰਘਰਸ਼ੀ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ 178ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਇਸ ਮੌਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਰਾਮ ਸਿੰਘ ਨੰਗਲਾ, ਕਰਮਜੀਤ ਕੌਰ ਭੁਟਾਲ ਕਲਾਂ, ਜਸਵਿੰਦਰ ਕੌਰ ਗਾਗਾ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਦੇ ਕਿਰਤੀ ਲੋਕਾਂ ਨੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਸਾਥ ਦੇ ਕੇ ਸਫ਼ਲ ਬਣਾਇਆ। ਹੁਣ ਕੇਂਦਰ ਸਰਕਾਰ ਨੂੰ ਠੱਲ੍ਹ ਪਾਉਣ ਲਈ 27 ਤੋਂ 31 ਮਾਰਚ ਤੱਕ ਕਿਲਾ ਰਾਏਪੁਰ ਵਿੱਚ ਅਡਾਨੀ ਦੀ ਖੁਸ਼ਕ ਬੰਦਰਗਾਹ ਦਾ ਘਿਰਾਓ ਕੀਤਾ ਜਾਵੇਗਾ। ਇਸ ਘਰਾਓ ਨੂੰ ਹੋਰ ਮਜ਼ਬੂਤ ਕਰਨ ਲਈ ਬਲਾਕ ਲਹਿਰਾਗਾਗਾ ਦੇ ਦਰਜਨਾਂ ਪਿੰਡਾਂ ਵਿੱਚੋਂ ਸੈਂਕੜੇ ਨੌਜਵਾਨ ਸਾਧਨਾਂ ਰਾਹੀਂ ਰਵਾਨਾ ਕੀਤੇ ਗਏ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾ ਅੱਜ 178ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਬੰਦ ਦੀ ਸਫ਼ਲਤਾ ਤੋਂ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦਾ ਘੇਰਾ ਹੋਰ ਤਿੱਖਾ ਕੀਤਾ ਜਾਵੇਗਾ ਤਾ ਜੋ ਕੇਂਦਰ ਸਰਕਾਰ ਮਜਬੂਰ ਹੋ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਣ ਲਈ ਮਜਬੂਰ ਹੋ ਜਾਵੇ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਹਮੀਰ ਸਿੰਘ ਬੇਨੜਾ, ਰਾਮ ਸਿੰਘ ਕੱਕੜਵਾਲ, ਸੁਖਦੇਵ ਸਿੰਘ, ਸੁਖਦੇਵ ਸ਼ਰਮਾ, ਗੁਰੀ ਮਾਨ ਹਾਜ਼ਰ ਸਨ।
ਗੁਰਦੁਆਰਾ ਹਾਅ ਦਾ ਨਾਅਰਾ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਅੱਜ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਤੋਂ ਕਿਸਾਨਾਂ ਦਾ ਜਥਾ ਲੋੜੀਂਦੇ ਸਾਮਾਨ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਭਾਈ ਨਰਿੰਦਰਪਾਲ ਸਿੰਘ ਨੇ ਰਵਾਨਾ ਕੀਤਾ। ਇਸ ਮੌਕੇ ਭਾਈ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਸਿਰਫ਼ ਕਿਸਾਨਾਂ ਨੂੰ ਹੀ ਮਾਰ ਨਹੀਂ ਪੈਣੀ ਸਗੋਂ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ। ਇਸ ਮੌਕੇ ਭਾਈ ਬਹਾਦਰ ਸਿੰਘ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਜਰਨੈਲ ਸਿੰਘ ਢੀਂਡਸਾ, ਹਰਮੇਲ ਸਿੰਘ, ਕੁਲਵੰਤ ਸਿੰਘ, ਨੇਤਰ ਸਿੰਘ ਮੌਜੂਦ ਸਨ।
ਆੜ੍ਹਤੀਆਂ ਨੇ ਤੀਜੇ ਦਿਨ ਵੀ ਦੁਕਾਨਾਂ ਬੰਦ ਕਰਕੇ ਕੀਤੀ ਹੜਤਾਲ
ਧੂਰੀ (ਪਵਨ ਕੁਮਾਰ ਵਰਮਾ): ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਮੂਹ ਆੜ੍ਹਤੀਆ ਐਸੋਸੀਏਸ਼ਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਧੂਰੀ ਨਵੀਂ ਅਨਾਜ ਮੰਡੀ ਦੇ ਆੜ੍ਹਤੀਆਂ ਨੇ ਹਜ਼ਾਰੀ ਲਾਲ ਗਰਗ ਦੀ ਅਗਵਾਈ ਹੇਠ ਤੀਜੇ ਦਿਨ ਮੁਕੰਮਲ ਹੜਤਾਲ ਕੀਤੀ। ਇਸ ਮੌਕੇ ਹਜ਼ਾਰੀ ਲਾਲ ਗਰਗ , ਸਮੀਰ ਕੁਮਾਰ ਸ਼ੰਮੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦਾ ਆੜ੍ਹਤੀਏ ਮਿਲ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਇਸ ਮੌਕੇ ਚੌਧਰੀ ਕਿਸ਼ਨ ਗੋਪਾਲ ਵਰਮਾ, ਕੇਵਲ ਕ੍ਰਿਸ਼ਨ, ਅੰਮ੍ਰਿਤ ਕੁਮਾਰ, ਖਰੈਤੀ ਰਾਮ ਨੇ ਵੀ ਸੰਬੋਧਨ ਕੀਤਾ।