ਬੀਰਬਲ ਰਿਸ਼ੀ
ਸ਼ੇਰਪੁਰ, 13 ਫਰਵਰੀ
ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਲੋਕ ਗਾਇਕ ਹਰਜੀਤ ਹਰਮਨ ਤੇ ਪ੍ਰੀਤ ਹਰਪਾਲ ਨੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡਾਂ ’ਚ ਚੋਣ ਰੈਲੀਆਂ ਕਰਕੇ ਪੰਜਾਬ ਦੇ ਰੌਸ਼ਨ ਭਵਿੱਖ ਲਈ ਮਾਨ ਲਈ ਸਮਰਥਨ ਮੰਗਿਆ।
ਇਤਿਹਾਸਕ ਪਿੰਡ ਮੂਲੋਵਾਲ, ਧੰਦੀਵਾਲ, ਬਾਲੀਆਂ ਸਮੇਤ ਅੱਧੀ ਦਰਜਨ ਤੋਂ ਵੱਧ ਪਿੰਡਾਂ ’ਚ ਚੋਣ ਰੈਲੀਆਂ ਦੌਰਾਨ ਲੋਕ ਗਾਇਕ ਹਰਜੀਤ ਹਰਮਨ ਨੇ ਕਿਹਾ ਕਿ ਉਨ੍ਹਾਂ ਲੰਬਾ ਸਮਾਂ ਭਗਵੰਤ ਮਾਨ ਨਾਲ ਇਕੱਠਿਆਂ ਕੰਮ ਕੀਤਾ ਹੈ ਜਿਸ ਕਰਕੇ ਉਨ੍ਹਾਂ ਦੇ ਪੰਜਾਬ ਪ੍ਰਤੀ ਮੋਹ, ਇਮਾਨਦਾਰੀ, ਸਮਾਜ ਦੇ ਦੱਬੇ-ਕੁਚਲੇ ਲੋਕਾਂ ਲਈ ਅਥਾਹ ਦਰਦ ਦੇ ਉਹ ਪ੍ਰਤੱਖ ਗਵਾਹ ਹਨ। ਅਕਾਲ ਡਿਗਰੀ ਕਾਲਜ ਮਸਤੂਆਣਾ ਵਿੱਚ ਲੋਕ ਗਾਇਕ ਹਰਜੀਤ ਹਰਮਨ ਨਾਲ ਪੜ੍ਹੇ ਇਸ ਇਲਾਕੇ ਦੇ ਦਰਜਨਾਂ ਨੌਜਵਾਨਾਂ ਨੇ ਉਸ ਨੂੰ ਹੱਥਾਂ ’ਤੇ ਚੁੱਕਿਆ ਤੇ ਸੈਲਫੀਆਂ ਲਈਆਂ। ਉਨ੍ਹਾਂ ਦੇ ਚੋਣ ਕਾਫ਼ਲੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਪੰਨੂੰ, ਗੁਰਤੇਜ ਸਿੰਘ ਤੇਜੀ ਕੱਕੜਵਾਲ ਤੇ ਗੁਰਦੀਪ ਸਿੰਘ ਸੁਲਤਾਨਪੁਰ ਆਦਿ ਸ਼ਾਮਲ ਸਨ।
ਖੰਗੂੜਾ ਦੇ ਹੱਕ ਵਿੱਚ ਖਹਿਰਾ ਵੱਲੋਂ ਚੋਣ ਪ੍ਰਚਾਰ ਅੱਜ
ਹਲਕਾ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੱਕ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋ ਇਲਾਕੇ ਦੇ ਪਿੰਡ ਘਨੌਰੀ ਕਲਾਂ, ਬਾਲੀਆਂ ਸਮੇਤ ਹੋਰ ਪਿੰਡਾਂ ਵਿੱਚ 14 ਫਰਵਰੀ ਨੂੰ ਚੋਣ ਰੈਲੀਆਂ ਕੀਤੀਆਂ ਜਾਣਗੀਆਂ।