ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 21 ਮਾਰਚ
ਸਮਾਜ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਭਾਵ ਤੇ ਨਸ਼ੇੜੀਆਂ ਵੱਲੋਂ ਇਲਾਕੇ ਵਿੱਚ ਕੀਤੀਆਂ ਜਾਣ ਵਾਲੀਆਂ ਚੋਰੀਆਂ ਸਬੰਧੀ ਪਿੰਡ ਲੱਡਾ ਵਾਸੀਆਂ ਦੀ ਮੀਟਿੰਗ ਸਰਪੰਚ ਬਲਵਿੰਦਰ ਕੁਮਾਰ ਮਿੱਠੂ ਲੱਡਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਸਟੇਡੀਅਮ ਵਿੱਚ ਹੋਈ। ਮੀਟਿੰਗ ਦੌਰਾਨ ਇਲਾਕੇ ਤੇ ਪਿੰਡ ਦੇ ਖੇਤਾਂ ਵਿੱਚ ਹੋ ਰਹੀਆਂ ਚੋਰੀਆਂ ਅਤੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਵਧ ਰਹੇ ਪਸਾਰ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਾਂਝੇ ਤੌਰ ’ਤੇ ਪਰਚੀਆਂ ਪੁਆ ਕੇ ਨਸ਼ਾ ਕਰਨ ਵਾਲਿਆਂ ਅਤੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਨਾਮ ਗੁਪਤ ਰੂਪ ਵਿੱਚ ਇਕੱਤਰ ਕੀਤੇ ਗਏ ਅਤੇ ਮਤਾ ਪਾਇਆ ਗਿਆ ਕਿ ਨਸ਼ੇ ਨਾਲ ਸਬੰਧਤ ਲੋਕਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾਵੇਗਾ। ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਫਿਰ ਕਾਨੂੰਨੀ ਢੰਗ ਨਾਲ ਕਾਰਵਾਈ ਕਰਵਾ ਕੇ ਇਨ੍ਹਾਂ ਪਰਿਵਾਰਾਂ ਦਾ ਸਮਾਜਿਕ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਲਾਕੇ ਦੇ ਖੇਤਾਂ ਵਿੱਚੋਂ ਹੋ ਰਹੀਆਂ ਚੋਰੀਆਂ ਸਬੰਧੀ ਵੀ ਮਤਾ ਪਾਇਆ ਗਿਆ। ਇਸ ਤਹਿਤ ਰਾਤ ਨੂੰ ਖੇਤਾਂ ਵਿੱਚ ਘੁੰਮਦੇ ਪਾਏ ਗਏ ਵਿਅਕਤੀਆਂ ਦੀ ਕੁੱਟਮਾਰ ਕਰਕੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।