ਪੱਤਰ ਪ੍ਰੇਰਕ
ਲਹਿਰਾਗਾਗਾ, 30 ਜੂਨ
ਅੱਜ ਇਥੇ ਉਪ ਮੰਡਲ ਮੈਜਿਸਟਰੇਟ ਲਹਿਰਾ ਨਵਰੀਤ ਕੌਰ ਸੇਖੋਂ ਵੱਲੋਂ ਘੱਗਰ ਦਰਿਆ ਨੇੜਲੇ ਸਥਾਨਾਂ ਦਾ ਦੌਰਾ ਕਰ ਕੇ ਹੜ੍ਹਾਂ ਤੋਂ ਬਚਾਅ ਲਈ ਮਗਨਰੇਗਾ ਤਹਿਤ ਕਰਵਾਏ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਸੀਜ਼ਨ ਤੋਂ ਪਹਿਲਾਂ ਕੰਮ ਮੁਕੰਮਲ ਕਰ ਲਏ ਜਾਣ, ਤਾਂ ਜੋ ਘੱਗਰ ਵਿੱਚ ਵਧੇਰੇ ਪਾਣੀ ਆਉਣ ਦੀ ਸੂਰਤ ’ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ। ਉਪ ਮੰਡਲ ਮੈਜਿਸਟਰੇਟ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸੰਭਾਵੀਂ ਹੜ੍ਹਾਂ ਨਾਲ ਨਜਿੱਠਣ ਲਈ ਉਪਲਬਧ ਸਮੱਗਰੀ ਤੇ ਯੋਜਨਾਵਾਂ ਬਾਰੇ ਜਾਇਜ਼ਾ ਲਿਆ ਤੇ ਡੀਸੀ ਵੱਲੋਂ ਚੌਕਸੀ ਦੇ ਦਿੱਤੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ।