ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਦਸੰਬਰ
ਸੇਵਾਵਾਂ ਰੈਗੂਲਰ ਕਰਾਉਣ ਲਈ ਅਣਮਿਥੇ ਸਮੇਂ ਲਈ ਹੜਤਾਲ ’ਤੇ ਚੱਲ ਰਹੇ ਐੱਨਐੱਚਐੱਮ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਲਾਰਿਆਂ ਖ਼ਿਲਾਫ਼ ਰੋਸ ਵਜੋਂ ਅੱਜ ਕਾਲੇ ਗੁਬਾਰੇ ਹਵਾ ਵਿਚ ਛੱਡ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਗੁਬਾਰਿਆਂ ਉਪਰ ਚੰਨੀ ਸਰਕਾਰ ਖ਼ਿਲਾਫ਼ ਨਾਅਰੇ ਲਿਖੇ ਸਨ। ਹੜਤਾਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਨੂੰ ਸਿਹਤ ਮੰਤਰੀ ਓਪੀ ਸੋਨੀ ਦੀ ਕੋਠੀ ਅੱਗੇ ਮਰਨ ਵਰਤ ਰੱਖਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਸਿਹਤ ਸੇਵਾਵਾਂ ਦਾ ਮੁਕੰਮਲ ਬਾਈਕਾਟ ਕਰਕੇ ਮੁਲਾਜ਼ਮ 24 ਦਿਨਾਂ ਤੋਂ ਹੜਤਾਲ ’ਤੇ ਹਨ। ਇਸ ਮੌਕੇ ਮੁਲਾਜ਼ਮ ਆਗੂ ਪੂਨਮ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਅਦੇ ਕਰਕੇ ਮੁੱਕਰ ਰਹੀ ਹੈ।ਸੀਐੱਚਓ ਰਜਨੀ ਬਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ। ਸ੍ਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਸਿਰਫ਼ ਆਪਣੀ ਸੱਤਾ ਨਾਲ ਪਿਆਰ ਹੈ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦੀ ਹੀ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ਦੇ 12 ਹਜ਼ਾਰ ਐੱਨਐੱਚਐਮ ਮੁਲਾਜ਼ਮ ਸਿਹਤ ਮੰਤਰ ਦੀ ਕੋਠੀ ਅੱਗੇ ਮਰਨ ਵਰਤ ਰੱਖਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਡਾ. ਅਮਰਿੰਦਰ ਕੌਰ, ਕਰਨੈਲ ਸਿੰਘ, ਸੀਐੱਚਓ ਮਨਪ੍ਰੀਤ ਕੌਰ, ਸੰਚਿਤਾ, ਮੁਹੰਮਦ ਅਰਸ਼ਦ, ਵਿਪਨਜੀਤ ਕੌਰ ਅਤੇ ਡਾ. ਹਰਮਨਜੀਤ ਕੌਰ ਨੇ ਸੰਬੋਧਨ ਕੀਤਾ।