ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਨਵੰਬਰ
ਐੱਨਐੱਚਐੱਮ ਮੁਲਾਜ਼ਮਾਂ ਵਲੋਂ ਬੇਮਿਆਦੀ ਹੜਤਾਲ ਦੇ 9ਵੇਂ ਦਿਨ ਅੱਜ ਲਾਰਿਆਂ ਦੇ ਕੱਚੇ ਘੜ੍ਹੇ ਭੰਨਦਿਆਂ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਾਂਗਰਸ ਦੇ ਪ੍ਰੋਗਰਾਮਾਂ ਦਾ ਤਿੱਖਾ ਵਿਰੋਧ ਕਰਨ ਅਤੇ ਸੱਥਾਂ ਵਿਚ ਘੇਰ ਕੇ ਸਵਾਲ ਪੁੱਛਣ ਦੀ ਚਿਤਾਵਨੀ ਦਿੱਤੀ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਤੋਂ ਸਰਕਾਰ ਦੀ ਅਰਥੀ ਅਤੇ ਘੜਾ ਚੁੱਕ ਕੇ ਲਾਲ ਬੱਤੀ ਚੌਕ ਤੱਕ ਰੋਸ ਮਾਰਚ ਕੀਤਾ ਗਿਆ।
ਘੜਾ ਭੰਨ੍ਹ ਕੇ ਅਰਥੀ ਫ਼ੂਕਦਿਆਂ ਹੜਤਾਲੀ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ ਅਤੇ ਕਰੀਬ 15 ਮਿੰਟ ਤੱਕ ਆਵਾਜਾਈ ਠੱਪ ਰੱਖੀ। ਯੂਨੀਅਨ ਦੇ ਸੂਬਾ ਆਗੂ ਡਾ. ਵਾਹਿਦ ਮੁਹੰਮਦ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 11 ਨਵੰਬਰ ਨੂੰ ਵਿਧਾਨ ਸਭਾ ਵਿਚ ਨਵਾਂ ਐਕਟ ਪਾਸ ਕਰਦੇ ਹੋਏ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਅਫਸੋਸ 13 ਦਿਨ ਬੀਤਣ ਦੇ ਬਾਵਜੂਦ ਵੀ ਐਕਟ ਵਿਭਾਗਾਂ ਨੂੰ ਨਹੀਂ ਭੇਜਿਆ ਗਿਆ। ਜੁਲਫ਼ਕਾਰ ਅਲੀ ਖਾਨ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ। ਸੀਐੱਚਓ ਅਮਨਪ੍ਰੀਤ ਕੌਰ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕਾਂਗਰਸ ਵੱਲੋਂ 2017 ਚੋਣਾਂ ਦੌਰਾਨ ਵਾਅਦਾ ਕੀਤਾ ਸੀ। ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨਾਲ ਦੂਜੀ ਵਾਰ ਵਿਧਾਨ ਸਭਾ ’ਚ ਧੋਖਾ ਹੋਇਆ ਹੈ। ਯੂਨੀਅਨ ਆਗੂ ਅਸਲਮ ਅਲੀ ਅਤੇ ਹਰਜਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਡਾ. ਜਤਿੰਦਰਪਾਲ ਸਿੰਘ, ਡਾ. ਸਾਹਿਦ, ਡਾ. ਸਹਿਨਾਜ਼, ਸਵਰਨਜੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਰਜਨੀਸ ਅਗਰਗ, ਡਾ. ਯਾਦਵਿੰਦਰ ਕੌਰ, ਜਸਕੀਰਤ ਸਿੰਘ, ਦੀਪਕ ਸ਼ਰਮਾ ਮੌਜੂਦ ਸਨ।