ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਕਤੂਬਰ
ਇਸ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪਿੰਡ ਖੁਰਾਣਾ ਦੇ ਨਜ਼ਦੀਕ ਟਰੈਕਟਰ-ਟਰਾਲੀ ਅਤੇ ਕਾਰ ਵਿਚਕਾਰ ਟੱਕਰ ਵਿੱਚ ਕਾਰ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ ਹੈ, ਜਦੋਂ ਕਿ ਨੂੰਹ ਜ਼ਖ਼ਮੀ ਹੋ ਗਈ ਹੈ। ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਸਥਾਨਕ ਸ਼ਹਿਰ ਦੇ ਮੈਗਜ਼ੀਨ ਮੁਹੱਲੇ ਦੇ ਵਸਨੀਕ ਸਨ, ਜੋ ਆਲਟੋ ਕਾਰ ਰਾਹੀਂ ਪਟਿਆਲਾ ਤੋਂ ਪਰਤ ਰਹੇ ਸਨ। ਸਦਰ ਪੁਲੀਸ ਨੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੀਪਕ ਕੁਮਾਰ (42) ਪੁੱਤਰ ਵਿਜੇ ਕੁਮਾਰ ਆਪਣੀ ਪਤਨੀ ਦੀਪਿਕਾ (40) ਅਤੇ ਮਾਤਾ ਰੀਟਾ ਰਾਣੀ (65) ਨਾਲ ਆਲਟੋ ਕਾਰ ’ਚ ਅੱਜ ਸਵੇਰੇ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਮੱਥਾ ਟੇਕਣ ਗਿਆ ਸੀ। ਮੱਥਾ ਟੇਕਣ ਮਗਰੋਂ ਪਰਤਦਿਆਂ ਜਿਉਂ ਹੀ ਉਹ ਕਰੀਬ ਪੌਣੇ ਗਿਆਰਾਂ ਵਜੇ ਸ਼ਹਿਰ ਤੋਂ ਕਰੀਬ ਛੇ ਕਿਲੋਮੀਟਰ ਪਿੱਛੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ’ਤੇ ਪਿੰਡ ਖੁਰਾਣਾ ਨਜ਼ਦੀਕ ਪੁੱਜੇ ਤਾਂ ਟਰੈਕਟਰ-ਟਰਾਲੀ ਵਿੱਚ ਕਾਰ ਪਿੱਛੋਂ ਜਾ ਵੱਜੀ। ਟੱਕਰ ਏਨੀ ਭਿਆਨਕ ਸੀ ਕਿ ਕਾਰ ਅੱਗਿਓਂ ਬੁਰੀ ਤਰਾਂ ਨੁਕਸਾਨੀ ਗਈ ਅਤੇ ਟਰੈਕਟਰ-ਟਰਾਲੀ ਵੀ ਪਲਟ ਗਈ। ਲੋਕਾਂ ਨੇ ਕਾਰ ਸਵਾਰ ਜ਼ਖ਼ਮੀਆਂ ਨੂੰ ਕਾਰ ’ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੀਪਕ ਕੁਮਾਰ ਅਤੇ ਉਸ ਦੀ ਮਾਤਾ ਰੀਟਾ ਰਾਣੀ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਮਾਂ-ਪੁੱਤ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।