ਪੱਤਰ ਪ੍ਰੇਰਕ
ਡਕਾਲਾ, 6 ਅਕਤੂਬਰ
ਮਕਾਨ ਉਸਾਰੀ ਲਈ ਅਹਿਮ ਤੌਰ ‘ਤੇ ਵਰਤੋਂ ‘ਚ ਆਉਂਦੀ ਰੇਤ ਤੇ ਬਜਰੀ ਦੇ ਭਾਅ ਅਸਮਾਨੀ ਚੜ੍ਹਨ ਤੋਂ ਆਮ ਲੋਕਾਂ ‘ਚ ਆਪ ਸਰਕਾਰ ਖ਼ਿਲਾਫ਼ ਗੁੱਸੇ ਦੀ ਲਹਿਰ ਹੈ| ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਰੇਤ ਦੇ ਭਾਅ ਘਟਾਉਣ ਤੇ ਸਥਿਰ ਰੱਖਣ ਦੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਜੋ ਸਰਕਾਰ ਦੇ ਛੇ ਮਹੀਨੇ ਗੁਜ਼ਰਨ ਦੇ ਬਾਵਜੂਦ ਵੀ ਸਿਰੇ ਨਹੀਂ ਚੜ੍ਹ ਸਕੇ| ਉਲਟਾ ਰੇਤ ਦੇ ਭਾਅ ’ਚ ਆਏ ਦਿਨ ਵਾਧਾ ਦਰਜ ਹੋਣ ਲੱਗਿਆ ਹੈ|
ਜਾਣਕਾਰੀ ਮੁਤਾਬਕ ਆਮ ਰੇਤਾ ਜਿਹੜਾ ਪਹਿਲਾਂ 30 ਤੋਂ 32 ਰੁਪਏ ਪ੍ਰਤੀ ਫੁੱਟ ਪ੍ਰਤੀ ਸੈਂਕੜਾ ਵਿਕ ਰਿਹਾ ਸੀ, ਉਹ ਵਧ ਕੇ ਹੁਣ 38 ਤੋਂ 40 ਰੁਪਏ ਨੂੰ ਢੁੱਕ ਗਿਆ ਹੈ| ਇਸੇ ਤਰ੍ਹਾਂ ਮਕਾਨ ਉਸਾਰੀ ’ਚ ਵਰਤੋਂ ’ਚ ਆਉਂਦੀ ਦੂਜੀ ਵਸਤ ਬਜਰੀ ਦੇ ਭਾਅ ਵੀ ਵਧਣ ਲੱਗੇ ਹਨ| ਬੱਜਰੀ ਜਿਹੜੀ ਪਹਿਲਾਂ 34 ਰੁਪਏ ਪ੍ਰਤੀ ਸੈਂਕੜਾ ਸੀ ਉਹ ਹੁਣ 38 ਰੁਪਏ ਪ੍ਰਤੀ ਫੁੱਟ ਹੋ ਗਈ ਹੈ| ਕਈ ਥਾਵਾਂ ‘ਤੇ ਰੇਤ ਦੀ ਕਮੀ ਵੀ ਪਾਈ ਜਾਣ ਲੱਗੀ ਹੈ| ਅਜਿਹੇ ’ਚ ਵੱਡੀ ਫਿਕਰਮੰਦੀ ਹੈ ਕਿ ਰੇਤ ਦਾ ਭਾਅ ਹੋਰ ਵੀ ਛਲਾਂਗ ਲਗਾਏਗਾ|
ਮਕਾਨ ਉਸਾਰੀ ’ਚ ਜੁੱਟੇ ਵੱਖ-ਵੱਖ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਜਟ ਅਸਲੋਂ ਹਿੱਲ ਗਿਆ ਹੈ| ਇਹ ਵੀ ਸਾਹਮਣੇ ਆ ਰਿਹਾ ਹੈ ਕਿ ਰੇਤੇ ਦੇ ਭਾਅ ਤੋਂ ਕਈ ਉਸਾਰੀ ਕਾਰਜ ਰੁਕ ਗਏ ਹਨ ਤੇ ਕੁਝ ਲੋਕਾਂ ਵੱਲੋਂ ਉਸਾਰੀ ਦੀ ਵਿਉਂਤਬੰਦ ਨੂੰ ਫਿਲਹਾਲ ਖੁਦ ਹੀ ਰੋਕ ਲਿਆ ਗਿਆ ਹੈ| ਰਾਜ ਮਿਸਤਰੀ ਸੁੁਰਿੰਦਰ ਸਿੰਘ ਨੇ ਦੱਸਿਆ ਕਿ ਰੇਤ ਤੇ ਬਜਰੀ ਦੇ ਵਧੇ ਹੋਏ ਭਾਅ ਦੀ ਵਜ੍ਹਾ ਨਾਂਲ ਮਿਸਤਰੀਆਂ ਦੇ ਕੰਮ ਵੀ ਬੰਦ ਹੋਣ ਲੱਗੇ ਹਨ|