ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਜਨਵਰੀ
ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਚੋਣ ਲੜ ਰਹੇ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਸੇਹਕੇ, ਸਰਵਰਪੁਰ, ਬਿੰਜੋਕੀ ਕਲਾਂ ਅਤੇ ਬਿੰਜੋਕੀ ਖੁਰਦ ਵਿੱਚ ਚੋਣ ਮੀਟਿੰਗਾਂ ਕੀਤੀਆਂ।
ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਬਦਤਰ ਹਾਲਤ ਲਈ ਹਾਕਮ ਧਿਰਾਂ ਜ਼ਿੰਮੇਵਾਰ ਹਨ,ਜਿਨ੍ਹਾਂ ਦੇ ਏਜੰਡੇ ’ਤੇ ਕਦੇ ਪੰਜਾਬ ਰਿਹਾ ਹੀ ਨਹੀਂ। ਉਨ੍ਹਾਂ ਕਿਹਾ ਕਿ ਹਾਕਮ ਧਿਰਾਂ ਦੀਆਂ ਖ਼ੁਦਗਰਜ਼ ਨੀਤੀਆਂ ਕਾਰਨ ਪੰਜਾਬ ਆਰਥਿਕ ਪੱਖੋਂ ਹੀ ਕੰਗਾਲ ਨਹੀਂ ਹੋਇਆ ਸਗੋਂ ਪੰਜਾਬ ਦੇ ਪਾਣੀ, ਧਰਤੀ, ਆਬੋ -ਹਵਾ ਅਤੇ ਮਨੁੱਖੀ ਸਿਹਤ ’ਚ ਵੀ ਵੱਡੇ ਵਿਗਾੜ ਅਏ ਹਨ। ਪੰਜਾਬ ’ਚ ਨਸ਼ਿਆਂ ਦੀ ਭਰਮਾਰ ਤੇ ਬੇਰੁਜ਼ਗਾਰੀ ਨੂ ਖ਼ਤਮ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਕਦੇ ਵੀ ਸੁਹਿਰਦ ਯਤਨ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ (ਅ) ਹੀ ਅਜਿਹੀ ਪਾਰਟੀ ਹੈ ਜੋ ਹਰ ਵਰਗ ਦੇ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਆਈ ਹੈ। ਮਾਨ ਨੇ ਅਪੀਲ ਕੀਤੀ ਕਿ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ (ਅ) ਦਾ ਸਾਥ ਦਿੱਤਾ ਜਾਵੇ। ਇਸ ਦੌਰਾਨ ਪਿੰਡ ਬਿੰਜੋਕੀ ਖੁਰਦ ਵਿਖੇ ਇੱਕ ਦਰਜਨ ਵਿਅਕਤੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ (ਅ) ‘ਚ ਸ਼ਾਮਲ ਹੋਏ।
ਚੋਣ ਮੀਟਿੰਗਾਂ ਨੂੰ ਮਾਸਟਰ ਕਰਨੈਲ ਸਿੰਘ ਨਾਰੀਕੇ,ਛੱਜੂ ਸਿੰਘ, ਪਰਮਜੀਤ ਸਿੰਘ ਸਲਾਰ, ਪਰਗਟ ਸਿੰਘ ਸੇਹਕੇ, ਗੁਰਜੋਤ ਸਿੰਘ ਨਾਰੀਕੇ, ਸੁਖਦੇਵ ਸਿੰਘ ਫ਼ੌਜੀ ਤੇ ਗੁਰਪਾਲ ਸਿੰਘ ਚੰਡੀਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।