ਮੂਨਕ: ਇੱਥੋਂ ਨੇੜਲੇ ਪਿੰਡ ਬੁਸ਼ਹਿਰਾ ਅਤੇ ਬੰਗਾ ਦੇ ਵਿਚਕਾਰ ਇਕ ਕਰਿਆਨੇ ਦੇ ਵਪਾਰੀ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਕਰੀਬ ਡੇਢ ਲੱਖ ਰੁਪਏ ਦੀ ਲੁੱਟ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕ ਪੈਂਦੇ ਸ਼ਹਿਰ ਪਾਤੜਾਂ ਦੇ ਇੱਕ ਵਪਾਰੀ ਗੁਲਸ਼ਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਬਾਬੂ ਰਾਮ ਐਂਡ ਸੰਨਜ਼ ਫਰਮ ਦੇ ਨਾਮ ’ਤੇ ਕਰਿਆਨੇ ਦੀ ਹੋਲਸੇਲ ਦਾ ਕੰਮ ਕਰਦਾ ਹਾਂ। ਇਕ ਜੁਲਾਈ ਨੂੰ ਮੂਣਕ ਮਾਰਕੀਟ ਜਾਣ ਤੋਂ ਬਾਅਦ ਜਦ ਉਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਾਮ ਦੇ ਕਰੀਬ 6 ਵਜੇ ਪਾਤੜਾਂ ਨੂੰ ਜਾ ਰਿਹਾ ਸੀ ਪਿੰਡ ਬੁਸ਼ਹਿਰਾ ਅਤੇ ਬੰਗਾ ਦੇ ਵਿਚਕਾਰ ਕੁਝ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਛੇ ਵਿਅਕਤੀਆਂ ਨੇ ਰਾਡ ਦੇ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਕੋਲ ਮੌਜੂਦ ਬੈਗ ਵਿੱਚ ਹਿਸਾਬ ਵਾਲੀਆਂ ਕਿਤਾਬਾਂ ਅਤੇ ਕਰੀਬ ਡੇਢ ਲੱਖ ਰੁਪਏ ਨਗਦ ਸੀ ਜੋ ਉਹ ਖੋਹ ਕੇ ਲੈ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕ