ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 1 ਜਨਵਰੀ
ਮਾਲੇਰਕੋਟਲਾ-ਰਾਏਕੋਟ ਸੜਕ ਸਥਿਤ ਨੇੜਲੇ ਪਿੰਡ ਸ਼ੇਰਵਾਨੀਕੋਟ (ਕੇਲੋਂ) ਵਿੱਚ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਗਵੰਤ ਸਿੰਘ (25) ਵਜੋਂ ਹੋਈ। ਭਗਵੰਤ ਸਿੰਘ ਅਤੇ ਬਰਕਤ ਅਲੀ ਵਾਸੀ ਪਿੰਡ ਮਾਹਮਦਪੁਰ, ਜੋ ਮਾਲੇਰਕੋਟਲਾ ਵਿੱਚ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੇ ਸਨ, ਮੋਟਰਸਾਈਕਲ ‘ਤੇ ਫੈਕਟਰੀ ਜਾ ਰਹੇ ਸਨ। ਜਦੋਂ ਉਹ ਸ਼ੇਰਵਾਨੀਕੋਟ ਨੇੜੇ ਪਹੁੰਚੇ ਤਾਂ ਮਾਲੇਰਕੋਟਲਾ ਵੱਲੋਂ ਨਿੱਜੀ ਕੰਪਨੀ ਦੀ ਮਿਨੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਭਗਵੰਤ ਸਿੰਘ ਬੱਸ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲੀਸ ਨੇ ਮੌਕੇ ‘ਤੇ ਪੁੱਜ ਬੱਸ ਆਪਣੇ ਕਬਜ਼ੇ ਵਿੱਚ ਲਈ। ਪੁਲੀਸ ਨੇ ਬਰਕਤ ਅਲੀ ਦੇ ਬਿਆਨਾਂ ਦੇ ਆਧਾਰ ‘ਤੇ ਬੱਸ ਡਰਾਈਵਰ ਉਪਰ ਧਾਰਾ 279,304 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਘਨੌਰ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਸ਼ੰਭੂ ਪੁਲੀਸ ਨੇ ਦੱਸਿਆ ਕਿ ਨਿਸ਼ਾਨ ਸਿੰਘ ਵਾਸੀ ਪਿੰਡ ਬਪਰੋਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਤਾ ਜੈਮਲ ਸਿੰਘ ਆਪਣੇ ਮੋਟਰਸਾਈਕਲ ’ਤੇ ਰਾਜਪੁਰਾ-ਅੰਬਾਲਾ ਜੀ.ਟੀ. ਰਾਹੀਂ ਪਿੰਡ ਘੱਗਰ ਸਰਾਏ ਦੇ ਫਲਾਈ ਓਵਰ ਨੇੜੇ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਜੈਮਲ ਸਿੰਘ ਦੀ ਮੌਤ ਹੋ ਗਈ। ਸ਼ੰਭੂ ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।