ਨਿਜੀ ਪੱਤਰ ਪ੍ਰੇਰਕ
ਸੰਗਰੂਰ, 14 ਮਈ
ਇਥੇ 22 ਮਈ ਨੂੰ ‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਅਤੇ ਪੜ੍ਹਾਂਗੇ’ ਨਾਅਰੇ ਹੇਠ ਮੈਗਾ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਜਿਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਂਝੇ ਤੌਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਵਿਸ਼ੇਸ਼ ਐਪ ਅਤੇ ਟੀ-ਸ਼ਰਟ ਜਾਰੀ ਕੀਤੀ ਗਈ। ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 22 ਮਈ ਨੂੰ ਹੋ ਰਹੀ ਮੈਗਾ ਸਾਈਕਲ ਰੈਲੀ ਲਈ ਐਪ ਰਾਹੀ ਵਿਦਿਆਰਥੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਰੈਲੀ ਵਿੱਚ ਸ਼ਾਮਿਲ ਹੋਣ ਲਈ ਐਪ ’ਤੇ ਕੇਵਲ ਰਜਿਸਟਰ ਕਰਨਾ ਜ਼ਰੂਰੀ ਨਹੀਂ ਹੈ ਬਲਕਿ ਇਹ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਤਿਆਰ ਕਰਨ ਲਈ ਜਾਰੀ ਕੀਤੀ ਗਈ ਹੈ। ਇਹ ਰੈਲੀ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਪੁਲੀਸ ਲਾਈਨ ਨੇੜੇ ਦੀ ਲੰਘਦੀ ਹੋਈ ਗੁਰਦੁਆਰਾ ਮਸਤੂਆਣਾ ਸਾਹਿਬ ਨਤਮਸਤਕ ਹੋ ਕੇ ਸਨਰਾਈਜ਼ ਪੈਲੇਸ ਧੂਰੀ ਰੋਡ ਵਿਖੇ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਮੈਗਾ ਸਾਈਕਲ ਰੈਲੀ ਵਿੱਚ ਪੰਜਾਬ ਭਰ ਤੋਂ ਨਾਮੀ ਖੇਡ ਓਲੰਪੀਅਨ, ਪੁਲੀਸ ਅਫਸਰ, ਅਦਾਕਾਰ ਅਤੇ ਗਾਇਕ ਵੀ ਹਿੱਸਾ ਲੈਣਗੇ। ਇਸ ਰੈਲੀ ਦਾ ਮਕਸਦ ਨਸ਼ਿਆਂ ਵਿਰੁੱਧ ‘ਜਾਗਦੇ ਰਹੋ’ ਦਾ ਹੋਕਾ ਦੇਣਾ ਹੈ।