ਨਿਜੀ ਪੱਤਰ ਪ੍ਰੇਰਕ
ਸੰਗਰੂਰ, 4 ਮਾਰਚ
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਿਤਾਬ ‘ਖੇਤੀ ਕਾਨੂੰਨ, ਸੰਘਰਸ਼ ਅਤੇ ਵਿਗਿਆਨਕ ਚੇਤਨਾ’ ਦੀਆਂ ਪੰਜ ਹਜ਼ਾਰ ਕਾਪੀਆਂ ਛਾਪ ਕੇ ਇਸ ਦੀਆਂ ਕਾਪੀਆਂ ਦਿੱਲੀ ਅਤੇ ਪੰਜਾਬ ਸਮੇਤ ਹੋਰ ਰਾਜਾਂ ਵਿਚ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿਚ ਮੁਫਤ ਵੰਡਣ ਦਾ ਫੈਸਲਾ ਲਿਆ ਹੈ ਅਤੇ ਤਰਕਸ਼ੀਲ ਕਾਰਕੁਨਾਂ ਨੇ ਇਹ ਅਹਿਮ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਕਿਤਾਬ ਦੇ ਸੰਪਾਦਕ ਬਲਬੀਰ ਲੌਂਗੋਵਾਲ (ਸੰਪਾਦਕ ਮੈਗਜ਼ੀਨ ‘ਤਰਕਸ਼ੀਲ’, ਡੀ ਟੀ ਐਫ ਆਗੂ ) ਹਨ। ਇਸ ਕਿਤਾਬ ਦੇ ਦੋ ਭਾਗ ਹਨ-ਪਹਿਲੇ ਭਾਗ ਵਿਚ ਕਾਰਪੋਰੇਟਾਂ ਅਤੇ ਕਾਲੇ ਖੇਤੀ ਕਾਨੂੰਨਾਂ ਦੇ ਵੱਖ ਵੱਖ ਖੇਤਰਾਂ ਤੇ ਪੈਣ ਵਾਲੇ ਪ੍ਰਭਾਵਾਂ, ਅੰਬਾਨੀ, ਅਡਾਨੀ ਨਿਸ਼ਾਨੇ ’ਤੇ ਕਿਉਂ, ਕਿਸਾਨੀ ਸੰਘਰਸ਼ ਵਿਚ ਦਲਿਤ ਖੇਤ ਮਜ਼ਦੂਰ, ਬੈਕਿੰਗ ਖੇਤਰ ਕਾਰਪੋਰੇਟ ਹਵਾਲੇ, ਆਧੁਨਿਕ ਸਾਇਲੋ, ਭੋਜਨ ਸੁਰੱਖਿਆ ਦਾ ਮਸਲਾ, ਸੰਘਰਸ਼ ਆਦਿ ਲੇਖ ਹਨ। ਦੂਜੇ ਭਾਗ ਵਿਚ ਤਰਕਸ਼ੀਲਾਂ ਵੱਲੋਂ ਲਗਾਤਾਰ ਕੀਤੇ ਜਾਂਦੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਸਬੰਧੀ ਲੇਖ ਹਨ। ਤਰਕਸ਼ੀਲ ਸੁਸਾਇਟੀ ਦੇ ਜੋ਼ਨ ਆਗੂ ਜੁਝਾਰ ਲੌਂਗੋਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਇਸ ਤੋਂ ਪਹਿਲਾ ਵੀ ਛੇ ਲੱਖ ਰੁਪਏ ਦਾ ਸਾਹਿਤ ਸਿੰਘੂ ਅਤੇ ਟਿਕਰੀ ਬਾਰਡਰ ਤੇ ਮੁਫਤ ਵੰਡ ਚੁੱਕੀ ਹੈ। ਇਹ ਯਤਨ ਅੱਗੇ ਵੀ ਜਾਰੀ ਰਹਿਣਗ । ਇਹ ਕਿਤਾਬ ਛੇਤੀ ਹੀ ਹਿੰਦੀ ਵਿਚ ਵੀ ਛਾਪ ਕੇ ਲਾਗਲੇ ਰਾਜਾਂ ਅਤੇ ਦਿੱਲੀ ਵਿਖੇ ਮੁਫਤ ਵੰਡੀ ਜਾ ਰਹੀ ਹੈ।