ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਦੁਆਰਾ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਸਥਾਨਕ ਸਰਕਾਰੀ ਰਣਬੀਰ ਕਾਲਜ ਅੱਗੇ ਮੁੱਖ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਕੋਮਲ ਖਨੌਰੀ, ਰਮਨ ਸਿੰਘ ਕਾਲਾਝਾੜ ਅਤੇ ਸੁਖਚੈਨ ਸਿੰਘ ਪੁੰਨਾਵਾਲ ਨੇ ਕਿਹਾ ਕਿ ਵਿਦਿਆਰਥੀ ਪੰਦਰਾਂ ਦਿਨਾਂ ਤੋਂ ਕਾਲਜ ‘ਚੋਂ ਵੋਟਿੰਗ ਮਸ਼ੀਨਾਂ ਚੁਕਵਾਉਣ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਵਿਦਿਆਰਥੀ ਖੁੱਲ੍ਹੇ ਅਸਮਾਨ ਹੇਠ ਕਲਾਸਾਂ ਲਗਾਉਣ ਲਈ ਮਜਬੂਰ ਹਨ, ਪ੍ਰੋਫ਼ੈਸਰਾਂ ਦਾ ਸਟਾਫ ਰੂਮ ਵੀ ਬੰਦ ਕੀਤਾ ਪਿਆ ਹੈ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਕਾਲਜ ਗੇਟ ਅੱਗੋਂ ਲੰਘਦੀਆਂ ਬੱਸਾਂ ਰੋਕੀਆਂ ਜਾਣ। ਇਸ ਦੇ ਨਾਲ ਹੀ ਛੇਤੀ ਤੋਂ ਛੇਤੀ ਸਪੀਡ ਬਰੇਕਰ ਲਗਾਉਣ ਦੀ ਮੰਗ ਕੀਤੀ। ਕਾਲਜ ਅੱਗੋਂ ਲੰਘਦੇ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਗੁਜ਼ਰਦੇ ਹਨ ਜਿਸ ਕਾਰਨ ਦੁਰਘਟਨਾਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬੱਸ ਪਾਸ ਕਾਲਜ਼ ਵਿੱਚ ਹੀ ਬਣਾਏ ਜਾਣ। ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਵੀਰਪਾਲ ਕੌਰ ਨੇ ਨਿਭਾਈ। ਧਰਨੇ ’ਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਗੁਰਪ੍ਰੀਤ ਜੱਸਲ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੰਗਰੂਰ ਬਲਾਕ ਦੇ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ, ਵਿਦਿਆਰਥੀ ਜਸ਼ਨ ਚੰਗਾਲ ਆਦਿ ਹਾਜ਼ਰ ਸਨ।ਵਿਦਿਆਰਥੀਆਂ ਦੀ ਸੰਘਰਸ਼ ਸਰਗਰਮੀਆਂ ਤੋਂ ਬਾਅਦ ਕਾਲਜ ਪ੍ਰਸ਼ਾਸ਼ਨ ਵੱਲੋਂ ਮੰਗਾਂ ਬਾਰੇ ਅਗਲੀ ਕਾਰਵਾਈ ਲਈ ਵੱਖ ਵੱਖ ਮਹਿਕਮਿਆਂ ਨੂੰ ਲਿਖ ਦਿੱਤਾ ਗਿਆ ਹੈ।