ਲੁਧਿਆਣਾ (ਟਨਸ):
ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਆਬਜ਼ਰਵਰ ਦਿਵਿਆ ਮਿੱਤਲ ਵੱਲੋਂ ਬੁੱਧਵਾਰ ਨੂੰ ਲੋਕ ਸਭਾ ਹਲਕੇ ਅਧੀਨ ਆਉਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਪ੍ਰੀ-ਪੋਲ ਅਤੇ ਪੋਸਟ-ਪੋਲ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓਜ਼) ਏ.ਸੀ.ਏ. ਗਲਾਡਾ ਓਜਸਵੀ ਅਲੰਕਾਰ, ਵਧੀਕ ਡਿਪਟੀ ਕਮਿਸ਼ਨਰ ਡਾ. ਰੁਪਿੰਦਰ ਪਾਲ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਚੇਤਨ ਬੰਗੜ, ਇੰਦਰ ਪਾਲ, ਆਰ.ਟੀ.ਓ ਰਣਦੀਪ ਸਿੰਘ ਹੀਰ, ਐਸ.ਡੀ.ਐਮ. ਦੀਪਕ ਭਾਟੀਆ, ਸਹਾਇਕ ਕਮਿਸ਼ਨਰ (ਯੂ.ਟੀ) ਕ੍ਰਿਤਿਕਾ ਗੋਇਲ ਦੇ ਨਾਲ ਦਿਵਿਆ ਮਿੱਤਲ ਨੇ ਸੁਰੱਖਿਆ, ਸੀਸੀਟੀਵੀ, ਸਿਖਲਾਈ ਕਮਰੇ, ਭੋਜਨ ਅਤੇ ਪੀਣ ਵਾਲੇ ਪਾਣੀ, ਆਵਾਜਾਈ, ਰਾਜਨੀਤਿਕ ਪਾਰਟੀਆਂ ਲਈ ਡਿਸਪਲੇਅ ਸਕਰੀਨਾਂ (ਸੀਸੀਟੀਵੀ ਦੁਆਰਾ ਈਵੀਐੱਮ ਤੇ ਵੀਵੀਪੈਟ ਦੀ ਲਾਈਵ ਫੁਟੇਜ ਦਿਖਾਉਣ ਲਈ) ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ। ਜਨਰਲ ਅਬਜ਼ਰਵਰ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਈ.ਵੀ.ਐਮ/ਵੀ.ਵੀ. ਪੈਟ ਲੈਣ ਅਤੇ ਪੋਲਿੰਗ ਤੋਂ ਬਾਅਦ ਜਮ੍ਹਾਂ ਕਰਵਾਉਣ ਸਮੇਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਾਰੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਪਹਿਲਾਂ ਤੋਂ ਹੀ ਮੁਕੰਮਲ ਕਰ ਲੈਣ ਤਾਂ ਜੋ ਸਾਰੇ ਕਾਰਜ ਨਿਰਵਿਘਨ ਨੇਪਰੇ ਚਾੜ੍ਹੇ ਜਾਣ।