ਪੱਤਰ ਪ੍ਰੇਰਕ
ਸ਼ੇਰਪੁਰ, 6 ਅਪਰੈਲ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨ ਕਨਵੀਨਰ ਪਰਮਜੀਤ ਕੌਰ ਲੌਂਗੋਵਾਲ ਦੀ ਅਗਵਾਈ ਹੇਠ ਪਿੰਡ ਖੇੜੀ ਕਲਾਂ ਵਿੱਚ ਕਿਰਤੀ ਮਜ਼ਦੂਰਾਂ ਦੀ ਭਰਵੀਂ ਰੈਲੀ ਹੋਈ, ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ੈੱਡਪੀਐੱਸਸੀ ਆਗੂ ਪਰਮਜੀਤ ਕੌਰ ਲੌਂਗੋਵਾਲ ਅਤੇ ਇਲਾਕਾ ਆਗੂ ਜਸਵੰਤ ਸਿੰਘ ਖੇੜੀ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ’ਚੋਂ ਤੀਜਾ ਹਿੱਸਾ ਦਲਿਤਾਂ ਨੂੰ 33 ਸਾਲਾ ਪਟੇ ’ਤੇ ਦੇਣ, ਨਜ਼ੂਲ ਜ਼ਮੀਨਾਂ ਦੇ ਮਾਲਕਾਨਾਂ ਹੱਕ ਦੇਣ, ਸੰਘਰਸ਼ ਦਰਮਿਆਨ ਪਾਏ ਝੂਠੇ ਪਰਚੇ ਰੱਦ ਕਰਨ, ਸੀਲਿੰਗ ਐਕਟ ਤੋਂ ਉਪਰਲੀ ਜ਼ਮੀਨ ਨੂੰ ਬੇਜ਼ਮੀਨਿਆਂ ਵਿੱਚ ਵੰਡਣ, ਮਾਈਕਰੋਫਾਇਨਾਂਸ ਕੰਪਨੀਆ ਤੋਂ ਲਏ ਸਾਰੇ ਕਰਜ਼ੇ ਮੁਆਫ਼ ਕਰਨ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦੇਣ, ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਆਦਿ ਮੰਗਾਂ ਮਨਵਾਉਣ ਲਈ 7 ਅਪਰੈਲ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਵਿੱਚ ਰੋਸ ਧਰਨਾ ਤੇ ਮੁਜ਼ਾਹਰਾ ਕੀਤਾ ਜਾਵੇਗਾ। ਜਗਜੀਤ ਸਿੰਘ, ਮਲਕੀਤ ਸਿੰਘ, ਬਹਾਦਰ ਸਿੰਘ, ਸਿਮਰਨ ਕੌਰ ਅਤੇ ਭਜਨ ਕੌਰ ਨੇ ਭਰੋਸਾ ਦਿੱਤਾ ਕਿ ਪਿੰਡ ’ਚੋਂ ਵੱਡੀ ਗਿਣਤੀ ਲੋਕ ਇਸ ਮੁਜ਼ਾਹਰੇ ਦਾ ਹਿੱਸਾ ਬਣਨਗੇ।