ਮੇਜਰ ਸਿੰਘ ਮੱਟਰਾਂ
ਭਵਾਨੀਗੜ, 6 ਅਗਸਤ
ਇੱਥੋਂ ਦੇ ਨੇੜਲੇ ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਦੀਆਂ ਜ਼ਮੀਨਾਂ ਵਿੱਚੋਂ ਬਣਾਈ ਜਾ ਰਹੀ ਦਿੱਲੀ-ਕੱਟੜਾ ਨੈਸ਼ਨਲ ਹਾਈਵੇਅ ਲਈ ਕਿਸਾਨਾਂ ਤੋਂ ਸਸਤੇ ਭਾਅ ਤੇ ਜਬਰੀ ਗ੍ਰਹਿਣ ਕਰਨ ਦੀ ਕਾਰਵਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਤੇ ਪ੍ਰਸ਼ਾਸਨ ਖ਼ਿਲਾਫ਼ ਪਿੰਡ ਖੇੜੀ ਚੰਦਵਾਂ ਦੀ ਹੱਦ ’ਤੇ ਲਗਾਏ ਪੱਕੇ ਧਰਨੇ ਦੇ 24ਵੇਂ ਦਿਨ ਬਲਾਕ ਪੱਧਰ ਦਾ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਗਈ ਕਿ ਕਿਸੇ ਵੀ ਅਧਿਕਾਰੀ ਨੂੰ ਜ਼ਮੀਨ ਵਿੱਚ ਜਬਰੀ ਦਾਖਲ ਨਹੀ ਹੋਣ ਦਿੱਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ,ਹਰਵਿੰਦਰ ਸਿੰਘ ਦੁੱਲਟ, ਧਰਮਿੰਦਰ ਸਿੰਘ, ਗਿਆਨ ਸਿੰਘ ਨਦਾਮਪੁਰ ਅਤੇ ਪ੍ਰਦੀਪ ਸਿੰਘ ਨੇ ਕਿਹਾ ਕਿ ਦਿੱਲੀ ਕੱਟੜਾ ਸੜਕ ਅਥਾਰਟੀ ਤੇ ਪ੍ਰਸਾਸ਼ਨ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਪਿੰਡਾਂ ਦੀ ਜ਼ਮੀਨ ਸਸਤੇ ਰੇਟ ’ਤੇ ਹੀ ਗ੍ਰਹਿਣ ਕਰ ਰਹੇ ਹਨ ਅਤੇ ਜ਼ਮੀਨਾਂ ਉੱਤੇ ਜਬਰੀ ਕਬਜ਼ਾ ਕਰ ਰਹੇ ਹਨ।
ਉੁਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਜਦੋਂ ਤੱਕ ਜ਼ਮੀਨ ਦਾ ਵਧਾ ਕੇ ਰੇਟ ਨਹੀ ਦਿੱਤਾ ਜਾਂਦਾ, ਉਦੋਂ ਤੱਕ ਪ੍ਰਸ਼ਾਸਨ ਜਾਂ ਹਾਈਵੇਅ ਅਥਾਰਟੀ ਦੇ ਕਿਸੇ ਅਧਿਕਾਰੀ ਨੂੰ ਜ਼ਮੀਨ ਵਿੱਚ ਪੈਰ ਨਹੀਂ ਧਰਨ ਦਿੱਤਾ ਜਾਵੇਗਾ।