ਮੁਕੰਦ ਸਿੰਘ ਚੀਮਾ
ਸੰਦੌੜ, 10 ਜਨਵਰੀ
ਨੋਟਾਂ ਦੀ ਬਰਸਾਤ ਕਰਨ ਵਾਲੇ ਕਥਿਤ ਬਾਬਾ ਗੁਰਮੇਲ ਸਿੰਘ ਨਾਲ ਚਰਚਾ ਵਿੱਚ ਆਏ ਪਿੰਡ ਕੁਠਾਲਾ ਦੇ ਗੁਰਦੁਆਰਾ ਭਗਤ ਰਵਿਦਾਸ ਵਿੱਚ ਬੀਤੀ ਦੇਰ ਰਾਤ ਪਿੰਡ ਦੇ ਇਕ ਵਿਅਕਤੀ ਉਪਰ ਕੁੱਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਜ਼ਖ਼ਮੀ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਜੱਸਾ ਵਜੋਂ ਹੋਈ ਹੈ। ਜਸਪ੍ਰੀਤ ਸਿੰਘ ਹੀ ਉਹ ਵਿਅਕਤੀ ਹੈ ਜੋ ਪਿਛਲੇ ਕਈ ਦਿਨਾਂ ਤੋਂ ਲੋਕਾਂ ਨਾਲ ਠੱਗੀ ਮਾਰ ਕੇ ਫ਼ਰਾਰ ਹੋਏ ਬਾਬਾ ਗੁਰਮੇਲ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੋਂ ਲੋਕਾਂ ਦੇ ਪੈਸੇ ਵਾਪਿਸ ਮੁੜਵਾਉਣ ਲਗਾਤਾਰ ਆਵਾਜ਼ ਚੁੱਕ ਰਿਹਾ ਹੈ। ਸ਼ਿਕਾਇਤ ਕਰਤਾ ਉਪਰ ਕਈ ਲੋਕਾਂ ਵੱਲੋਂ ਸੋਟੀਆਂ ਅਤੇ ਡਾਗਾਂ ਨਾਲ ਹਮਲਾ ਕੀਤਾ ਗਿਆ। ਜਸਪ੍ਰੀਤ ਸਿੰਘ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖ਼ਲ ਹੈ। ਉਸ ਦੇ ਸਿਰ ਵਿੱਚ ਗੰਭੀਰ ਸੱਟ ਦੱਸੀ ਜਾ ਰਹੀ ਹੈ। ਜਸਪ੍ਰੀਤ ਸਿੰਘ ਨੇ ਇਸ ਹਮਲੇ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਇੱਕ ਮੈਂਬਰ ਅਤੇ ਉਸ ਦੇ ਪਰਿਵਾਰ ਉੱਪਰ ਦੋਸ਼ ਲਗਾਏ ਹਨ। ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜਸਪ੍ਰੀਤ ਸਿੰਘ ਤੋਂ ਇਲਾਵਾ ਦੂਜੀ ਧਿਰ ਨਾਲ ਸਬੰਧਤ ਇੱਕ ਵਿਅਕਤੀ ਵੀ ਹਸਪਤਾਲ ਦਾਖਲ ਹੈ। ਪੈੇਸੇ ਦੇ ਲੈਣ ਦੇਣ ਬਾਰੇ ਜਦੋਂ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗੁਰਮੇਲ ਸਿੰਘ ਸਮੇਤ ਕਮੇਟੀ ਦੇ ਤਿੰਨ ਮੈਂਬਰਾਂ ਖਿਲਾਫ਼ ਦਵਿੰਦਰ ਸਿੰਘ ਵਾਸੀ ਕੁਠਾਲਾ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਜਾਰੀ ਹੈ। ਦੂਜੇ ਪਾਸੇ ਕਮੇਟੀ ਦੇ ਪ੍ਰਧਾਨ ਨੇ ਬਾਬੇ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕਿਹਾ ਕਿ ਇਕੱਠੀ ਹੋਈ ਰਕਮ ਬਾਰੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੈ।
ਨੋਟਾਂ ਵਾਲੇ ਬਾਬੇ ਨੇ ਲਿਆ ਸੋਸ਼ਲ ਮੀਡੀਆ ਦਾ ਸਹਾਰਾ
ਸੰਦੌੜ(ਪੱਤਰ ਪ੍ਰੇਰਕ): ਨੇੜਲੇ ਪਿੰਡ ਕੁਠਾਲਾ ਦੇ ਗੁਰਦੁਆਰਾ ਭਗਤ ਰਵਿਦਾਸ ’ਚ ਅਖੰਡ ਪਾਠਾਂ ਦੇ ਨਾਮ ’ਤੇ ਲੋਕਾਂ ਤੋਂ ਮੋਟੀ ਰਕਮ ਬਟੋਰ ਕੇ ਰੂਪੋਸ਼ ਹੋਏ ਬਾਬੇ ਨੇ ਖ਼ੁਦ ਲੋਕਾਂ ਸਾਹਮਣੇ ਪੇਸ਼ ਹੋਣ ਦੀ ਬਜਾਏ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਲੰਘੀ ਰਾਤ ਕਥਿਤ ਬਾਬੇ ਗੁਰਮੇਲ ਸਿੰਘ ਨੇ ਸੋਸ਼ਲ ਮੀਡੀਆ ’ਤੇ ਆ ਕੇ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ। ਗੁਰਮੇਲ ਸਿੰਘ ਨੇ ਬੇਕਸੂਰ ਹੋਣ ਦਾ ਦਾਅਵਾ ਕਰਦੇ ਹੋਏ ਇਕੱਠੀ ਕੀਤੀ ਮੋਟੀ ਰਕਮ ਤੋਂ ਅਣਜਾਣਤਾ ਪ੍ਰਗਟਾਈ ਅਤੇ ਗੁਰਦੁਆਰਾ ਕਮੇਟੀ ਦੇ ਤਿੰਨ ਮੈਂਬਰਾਂ ਉਪਰ ਹੀ ਰਕਮ ਇਕੱਠੀ ਕਰਨ ਦੇ ਦੋਸ਼ ਲਗਾ ਦਿੱਤੇ। ਉਸ ਨੇ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰਨ ਦਾ ਐਲਾਨ ਵੀ ਕੀਤਾ। ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਹ ਗੁਰੂ ਘਰ ਦਾ ਗ੍ਰੰਥੀ ਸੀ ਅਤੇ ਗੁਰਦੁਆਰਾ ਸਾਹਿਬ ਵਿਚ ਇਕੋਤਰੀ ਸ਼ੁਰੂ ਕਰਨ ਦੇ ਮਕਸਦ ਤਹਿਤ ਪ੍ਰਬੰਧਕ ਕਮੇਟੀ ਦੀ ਸਲਾਹ ਨਾਲ ਇਹ ਸਕੀਮ ਸ਼ੁਰੂ ਕੀਤੀ ਗਈ ਸੀ। ਕਮੇਟੀ ਦੇ ਤਿੰਨ ਮੈਂਬਰਾਂ ’ਤੇ ਉਂਗਲ ਉਠਾਉਂਦੇ ਹੋਏ ਉਸ ਨੇ ਕਿਹਾ ਕਿ ਇਕੱਠੀ ਹੋਈ ਰਕਮ ਬਾਰੇ ਇਹੀ ਲੋਕ ਦੱਸ ਸਕਦੇ ਹਨ।