ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਨਵੰਬਰ
ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਪੈਨਸ਼ਨਰਾਂ ਵਲੋਂ ਘੜਾ ਰੱਖ ਕੇ ਅਤੇ ਡੀਸੀ ਦਫ਼ਤਰ ਅੱਗੇ ਦੀਵਾ ਬਾਲ ਕੇ ਪੰਜਾਬ ਸਰਕਾਰ ਨੂੰ ਦੀਵਾਲੀਆ ਕਰਾਰ ਦਿੰਦਿਆਂ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀ.ਸੀ. ਦਫ਼ਤਰ ਅੱਗੇ ਵਿਸ਼ਾਲ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਨੂੰ ਭੰਡਿਆ। ਪੈਨਸ਼ਨਰਾਂ ਵਲੋਂ ਘੜਾ, ਦੀਵਾ ਅਤੇ ਖਾਲੀ ਪੀਪਾ ਚੁੱਕ ਕੇ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਦੇ ਖਜ਼ਾਨੇ ਨੂੰ ਖਾਲੀ ਪੀਪਾ ਕਰਾਰ ਦਿੰਦਿਆਂ ਜ਼ੋਰਦਾਰ ਪਿੱਟ ਸਿਆਪਾ ਕੀਤਾ।
ਫਰੰਟ ਦੇ ਕਨਵੀਨਰਾਂ ਪ੍ਰੀਤਮ ਸਿੰਘ ਧੁਰਾ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਬਾਲ ਕ੍ਰਿਸ਼ਨ ਚੋਹਾਨ ਅਤੇ ਅਵਿਨਾਸ਼ ਚੰਦ ਸ਼ਰਮਾ ਦੀ ਅਗਵਾਈ ਹੇਠ ਰੋਸ ਮਾਰਚ, ਪ੍ਰਦਰਸ਼ਨ ਅਤੇ ਰੋਸ ਰੈਲੀ ਕੀਤੀ ਗਈ। ਰੋੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਪੈਨਸ਼ਨ ਮਾਰੂ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਅਧਾਰ ’ਤੇ ਜਨਵਰੀ 2016 ਤੋਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਬਜਾਏ ਨੋਟੀਫਿਕੇਸ਼ਨ 29 ਅਕਤੂਬਰ 2021 ਨੂੰ ਸਿਫ਼ਾਰਸ਼ਾਂ ਕੀਤੀਆਂ, ਜਿਸ ਕਾਰਨ ਪੈਨਸ਼ਨਰਾਂ ਵਿੱਚ ਬਹੁਤ ਗੁੱਸਾ ਹੈ।
ਉਨ੍ਹਾਂ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਵਿੱਚ ਸਿਫ਼ਾਰਸ਼ ਕੀਤੀ ਗਈ ਸੀ ਕਿ ਜਨਵਰੀ 2016 ਨੂੰ ਮਿਲ ਰਿਹਾ ਡੀ.ਏ. 125 ਫੀਸਦੀ ਮੁੱਢਲੀ ਪੈਨਸ਼ਨ ਵਿੱਚ ਜੋੜ ਕੇ 20 ਫੀਸਦੀ ਵਾਧਾ ਕੀਤਾ ਜਾਵੇ ਅਤੇ ਗੁਣਾਂਕ 2.59 ਦਿੱਤਾ ਜਾਵੇ। ਦੂਸਰਾ ਨੈਸ਼ਨਲ ਫਿਕਸੇਸ਼ਨ ਫਾਰਮੁੂਲਾ ਸੋਧ ਕੇ ਪੈਨਸ਼ਨ ਸ਼ੈਕਸ਼ਨ ਅਥਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਨੇ ਆਪਣੀ ਮਰਜ਼ੀ ਨਾਲ ਉਕਤ ਤਜਵੀਜ਼ ਨਾ ਮੰਨਦੇ ਹੋਏ 113 ਫੀਸਦੀ ਡੀ.ਏ. ਅਤੇ 15 ਫੀਸਦੀ ਵਾਧਾ ਕਰਕੇ ਪੈਨਸ਼ਨ ਫਿਕਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸੂਬਾਈ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਭਾਵੇਂ ਅੱਜ ਸਰਕਾਰ ਨੇ ਕੁੱਝ ਮੰਗਾਂ ਮੰਨੀਆਂ ਹਨ ਪਰੰਤੂ ਜਦੋਂ ਤੱਕ ਪੈਨਸ਼ਨਰਾਂ ਦੀਆਂ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ। 6ਵੇਂ ਪੇਅ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਸਬੰਧੀ ਸੋਧ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ ਅਤੇ 17 ਨਵੰਬਰ ਨੂੰ ਪੰਜਾਬ ਦੇ ਲੱਖਾਂ ਮੁਲਾਜ਼ਮ ਮੁਹਾਲੀ ਵਿਖੇ ਹੱਲਾ ਬੋਲ ਵਿਸ਼ਾਲ ਰੈਲੀ ਕਰਕੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰ ਦੇਣਗੀਆਂ। ਐੱਸਡੀਐੱਮ ਵਲੋਂ ਧਰਨੇ ’ਚ ਪੁੱਜ ਕੇ ਪੈਨਸ਼ਨਰਾਂ ਤੋਂ ਮੰਗ ਪੱਤਰ ਲਿਆ।
ਰੋਸ ਰੈਲੀ ਨੂੰ ਜਗਦੀਸ਼ ਸ਼ਰਮਾ, ਜੀਤ ਸਿੰਘ ਢੀਂਡਸਾ, ਦਰਸ਼ਨ ਸਿੰਘ ਨੌਰਥ, ਜਗਜੀਤ ਇੰਦਰ ਸਿੰਘ, ਰਜਿੰਦਰ ਸਿੰਘ ਸਲਾਰ ਅਮਰਗੜ੍ਹ, ਗੋਪਾਲ ਕ੍ਰਿਸ਼ਨ ਸ਼ਰਮਾ ਭਵਾਨੀਗੜ੍ਹ, ਕੁਲਵੰਤ ਸਿੰਘ ਧੂਰੀ, ਪ੍ਰੇਮ ਅੱਗਰਵਾਲ, ਗੁਰਬਖ਼ਸ਼ ਸਿੰਘ ਸੁਨਾਮ, ਗੁਰਦੇਵ ਸਿੰਘ, ਮੇਵਾ ਸਿੰਘ ਮੂਣਕ, ਜਰਨੈਲ ਸਿੰਘ ਲਹਿਰਾਗਾਗਾ, ਅਨੂਪ ਸਿੰਘ ਵਿਰਕ, ਉਪਕਾਰ ਸਿੰਘ, ਜਗਦੇਵ ਸਿੰਘ, ਭਵਾਨੀਗੜ੍ਹ, ਆਰ.ਐਲ.ਪਾਂਧੀ, ਰਾਮ ਸਿੰਘ ਮਹਿੰਮੀ, ਦਰਸ਼ਨ ਸਿੰਘ ਨੌਰਥ, ਅਰਜਨ ਸਿੰਘ, ਸ਼ਿਵ ਕੁਮਾਰ ਸ਼ਰਮਾ, ਅਜਮੇਰ ਸਿੰਘ, ਭੁਪਿੰਦਰ ਸਿੰਘ ਸੁਨਾਮ, ਸੁਰਿੰਦਰ ਕੁਮਾਰ ਵਾਲੀਆ, ਜਸਪਾਲ ਸਿੰਘ ਭੱਟੀ, ਕਸਤੂਰੀ ਲਾਲ, ਵਿਜੈ ਕੁਮਾਰ ਭਵਾਨੀਗੜ੍ਹ, ਗੁਰਦੇਵ ਸਿੰਘ ਸ਼ੇਰਪੁਰ, ਮੇਵਾ ਸਿੰਘ ਮੂਨਕ, ਅਜਮੇਰ ਸਿੰਘ, ਦੁਲੀਆ ਰਾਮ, ਬਾਲ ਕ੍ਰਿਸ਼ਨ ਚੌਹਾਨ ਆਦਿ ਨੇ ਸੰਬੋਧਨ ਕੀਤਾ।