ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਫਰਵਰੀ
ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਯੂਕਰੇਨ ਉੱਪਰ ਰੂਸੀ ਦੇ ਫੌਜੀ ਹਮਲੇ ਦੇ ਵਿਰੋਧ ਵਿੱਚ ਲੋਕ-ਰਾਇ ਲਾਮਬੰਦ ਕਰਨ, ਯੂਕਰੇਨ ਉੱਪਰ ਫੌਜੀ ਹਮਲਾ ਤੁਰੰਤ ਰੋਕਣ ਅਤੇ ਨਾਟੋ ਦੇ ਫੌਜੀ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗੱਠਜੋੜ ਭੰਗ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਨ ਲਈ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਯੂਕਰੇਨ ਦੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ। ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਕੱਢਿਆ ਗਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਮਾਰਚ ਦੌਰਾਨ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਹੱਥਾਂ ਵਿੱਚ ਜੰਗ ਖ਼ਿਲਾਫ਼ ਮਾਟੋ ਚੁੱਕੇ ਹੋਏ ਸਨ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਾਹਾਂਗੀਰ ਨੇ ਕਿਹਾ ਕੀ ਸਾਮਰਾਜੀ ਸ਼ਕਤੀਆਂ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਨ ਅਤੇ ਕਰੋੜਾਂ-ਅਰਬਾਂ ਮਿਹਨਤਕਸ਼ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜਿਸ਼ਾਂ ਦਾ ਨਵਾਂ ਨਿਸ਼ਾਨਾ ਯੂਕਰੇਨ ਨੂੰ ਬਣਾਇਆ ਗਿਆ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪਰਿਭਾਸ਼ਤ ਕਰਨ ਲਈ ਛੇੜੀ ਇਸ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹੱਥੋਆ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ ਨੇ ਕਿਹਾ ਕਿ ਜਿੱਥੇ ਰੂਸ ਇਸ ਹਮਲੇ ਲਈ ਜ਼ਿੰਮੇਵਾਰ ਹੈ, ਉੱਥੇ ਹੀ ਅਮਰੀਕਾ ਦੇ ਨਾਟੋ ਸੰਗਠਨ ਸਮੇਤ ਜਰਮਨੀ-ਫਰਾਂਸ ਵਰਗੀਆਂ ਸਾਮਰਾਜੀ ਤਾਕਤਾਂ ਵੀ ਇਸ ਹਮਲੇ ਲਈ ਬਰਾਬਰ ਦੀਆਂ ਦੋਸ਼ੀ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਦੀ ਧੁੱਸ, ਜਰਮਨੀ-ਫਰਾਂਸ ਦੀ ਅਗਵਾਈ ਵਾਲੀ ਯੂਰਪੀ-ਯੂਨੀਅਨ ਵੱਲੋਂ ਯੂਕਰੇਨ ’ਤੇ ਆਪਣਾ ਕੰਟਰੋਲ ਵਧਾਉਣ ਦੇ ਯਤਨ ਅਤੇ ਰੂਸ ਵੱਲੋਂ ਯੂਕਰੇਨ ਸਮੇਤ ਪੂਰਬੀ ਯੂਰਪ ਉੱਪਰ ਆਰਥਿਕ-ਸਿਆਸੀ ਸਰਦਾਰੀ ਸਥਾਪਿਤ ਕਰਨ ਦੇ ਸਾਮਰਾਜੀ ਹਿੱਤਾਂ ਨੂੰ ਜਮਹੂਰੀਅਤ ਦੇ ਪਰਦੇ ਹੇਠ ਢੱਕਣ ਦਾ ਪਾਖੰਡ ਕੀਤਾ ਜਾ ਰਿਹਾ ਹੈ।