ਬੀਰਬਲ ਰਿਸ਼ੀ
ਸ਼ੇਰਪੁਰ, 31 ਜੁਲਾਈ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਬਲਾਕ ਸ਼ੇਰਪੁਰ ਦੇ ਪਿੰਡ ਅਲਾਲ ਦੀ ਰਵੀਦਾਸ ਧਰਮਸ਼ਾਲਾ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਦੇ ਨਾਂ ਹੇਠ ਫੀਸ ਵਸੂਲੀ ਦੇ ਫੈਸਲੇ ਖ਼ਿਲਾਫ਼ ‘ਚੇਤਨਾ ਰੈਲੀ’ ਕੀਤੀ ਗਈ। ਰੈਲੀ ਦੌਰਾਨ ਜਥੇਬੰਦੀ ਨੇ ਜਿੱਥੇ ਸ਼ਹੀਦ ਉਧਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਉਥੇ ਇਸ ਵਿਦਿਆਰਥੀ ਵਿਰੋਧੀ ਫੈਸਲੇ ਖ਼ਿਲਾਫ਼ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਪੀਐਸਯੂ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਆਗੂ ਰਮਨ ਕਾਲਾਝਾੜ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਫੈਸਲਾ ਲਿਆ ਹੈ ਜਿਸਦਾ ਸਿੱਧਾ ਅਸ਼ਰ ਮਜ਼ਦੂਰ ਪਰਿਵਾਰਾਂ ’ਤੇ ਪਵੇਗਾ ਅਤੇ ਅਜਿਹੇ ਫੰਡ ਨਾ ਦੇ ਸਕਣ ਵਾਲੇ ਮਜ਼ਦੂਰਾਂ ਦੇ ਬੱਚੇ ਉਚੇਰੀ ਸਿੱਖਿਆ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਜਥੇਬੰਦ ਹੋਕੇ ਅਜਿਹੇ ਵਿਦਿਆਰਥੀ ਵਿਰੋਧੀ ਫੈਸਲਿਆਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। ਵਿਦਿਆਰਥੀ ਆਗੂ ਕਾਲਾਝਾੜ ਨੇ ਲਾਗੂ ਹੋਣ ਜਾ ਰਹੀ ਨਵੀਂ ਸਿੱਖਿਆ ਨੀਤੀ ਬਾਰੇ ਕਿਹਾ ਕਿ ਇਹ ਨੀਤੀ ਅਸਲ ਵਿੱਚ ਆਰਐੱਸਐੱਸ ਦੀ ਹਿੰਦੁਤਵੀ ਸਿਆਸਤ ਨੂੰ ਫੈਲਾਉਣ ਦਾ ਜ਼ਰੀਆ ਬਣੇਗੀ ਕਿਉਂਕਿ ਪਹਿਲਾਂ ਵੀ ਲੋਕਤੰਤਰ ਦੇ ਅਰਥ, ਲੋਕ ਲਹਿਰਾਂ ਦਾ ਸ਼ਾਨਾਮੱਤਾ ਇਤਿਹਾਸ, ਮਾਨਵੀ ਕਦਰਾਂ ਕੀਮਤਾਂ ਵਾਲੇ ਹਿੱਸੇ ਨੂੰ ਸਿਲੇਬਸ ’ਚੋਂ ਬਾਹਰ ਕੱਢਣ ਦੇ ਯਤਨ ਹੋ ਚੁੱਕੇ ਹਨ। ਇਸ ਰੈਲੀ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਕਰਮਜੀਤ ਸਿੰਘ ਅਲਾਲ ਅਤੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਵੀ ਸੰਬੋਧਨ ਕੀਤਾ।