ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਮਈ
ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ’ਤੇ ਡਟੇ ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਅਤੇ ਕਰੋਨਾ ਯੋਧੇ ਨਰਸਿੰਗ ਮੁਲਾਜ਼ਮਾਂ ਵਲੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਦੇ ਪ੍ਰਮੁੱਖ ਆਗੂ ਜਗਦੀਪ ਸਿੰਘ ਨੇ ਕਿਹਾ ਕਿ ਅਪਰੈਲ ਮਹੀਨੇ ’ਚ ਭਰਤੀ ਉਮੀਦਵਾਰਾਂ ਵਲੋਂ ਸੰਗਰੂਰ ’ਚ ਕਈ ਦਿਨ ਟੈਂਕੀ ਉਪਰ ਅਤੇ ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਕਈ ਦਿਨ ਪੱਕਾ ਮੋਰਚਾ ਲਗਾ ਕੇ ਰੱਖਿਆ ਸੀ। ਇਸ ਸੰਘਰਸ਼ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੱਕ ਮਹੀਨੇ ਦੇ ਅੰਦਰ ਅੰਦਰ ਭਰਤੀ ਪ੍ਰਕਿਰਿਆ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪ੍ਰੰਤੂ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ, ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਮੈਡੀਕਲ ਅਤੇ ਵੈਰੀਫਿਕੇਸ਼ਨ ਹੋ ਚੁੱਕੀ ਹੈ ਅਤੇ ਉਮੀਦਵਾਰਾਂ ਦੀ ਸੂਚੀ ਵੈੱਬਸਾਈਟ ਉਪਰ ਅਪਲੋਡ ਹੋ ਚੁੱਕੀ ਹੈ ਪਰੰਤੂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਭਰਤੀ ਉਮੀਦਵਾਰ ਮੁੜ 20 ਦਿਨਾਂ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ’ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਕਰੋਨਾ ਯੋਧੇ ਨਰਸਿੰਗ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਸੰਦੀਪ ਕੌਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਜੂਨ 2020-21 ਵਿਚ ਨਿਯੁਕਤ ਕੀਤਾ ਗਿਆ ਸੀ ਤੇ 30 ਸਤੰਬਰ 2021 ਵਿਚ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਗਿਆ। ਮੁੜ ਸੇਵਾਵਾਂ ਬਹਾਲ ਕਰਾਉਣ ਲਈ ਤਿੱਖਾ ਸੰਘਰਸ਼ ਕਰਦਿਆਂ ਮਰਨ ਵਰਤ ਰੱਖਿਆ ਗਿਆ। ਉਸ ਸਮੇਂ ਭਗਵੰਤ ਮਾਨ ਨੇ ਮਰਨ ਵਰਤ ਖੁਲ੍ਹਵਾਇਆ ਸੀ ਅਤੇ ਭਰੋਸਾ ਦਿੱਤਾ ਸੀ ਕਿ ਜਿਵੇਂ ਦਿੱਲੀ ਵਿਚ ਕਰੋਨਾ ਯੋਧਿਆਂ ਨੂੰ ਰੈਗੂਲਰ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਕਰੋਨਾ ਯੋਧਿਆਂ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇਗਾ ਪਰੰਤੂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਅਧਿਕਾਰੀਆਂ ਵਲੋਂ ਮੁੜ ਡਿਊਟੀਆਂ ’ਤੇ ਜੁਆਇੰਨ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੇਵਾਵਾਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ।
ਸਿਖ਼ਰ ਦੁਪਹਿਰੇ ਮਾਰਚ ਕਰਦਿਆਂ ਇੱਕ ਨੌਜਵਾਨ ਬੇਹੋਸ਼
ਮੁੱਖ ਮੰਤਰੀ ਦੀ ਕੋਠੀ ਤੋਂ ਸ਼ਹਿਰ ਦੇ ਬੱਸ ਸਟੈਂਡ ਤੱਕ ਸਿਖ਼ਰ ਦੁਪਹਿਰੇ ਕੱਢੇ ਗਏ ਰੋਸ ਮਾਰਚ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੌਜਵਾਨ ਸੁਭਾਸ਼ ਕੁਮਾਰ ਫਾਜ਼ਿਲਕਾ ਗਰਮੀ ਲੱਗਣ ਕਾਰਨ ਬੇਹੋਸ਼ ਹੋ ਗਿਆ ਜਿਸ ਨੂੰ ਸਾਥੀਆਂ ਵਲੋਂ ਤੁਰੰਤ ਆਟੋ ਰਿਕਸ਼ਾ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੁਭਾਸ਼ ਕੁਮਾਰ ਬੀਤੇ ਕੱਲ੍ਹ ਵੀ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਉਪਰ ਆਵਾਜਾਈ ਠੱਪ ਕਰਕੇ ਦਿੱਤੇ ਰੋਸ ਧਰਨੇ ਦੌਰਾਨ ਬੇਹੋਸ਼ ਹੋ ਗਿਆ ਸੀ। ਅੱਜ ਵੀ ਉਹ ਰੋਸ ਮਾਰਚ ਵਿਚ ਸ਼ਾਮਲ ਹੋਇਆ ਜਿਉਂ ਹੀ ਮਾਰਚ ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਢਾਈ-ਤਿੰਨ ਕਿਲੋਮੀਟਰ ਦੂਰ ਸ਼ਹਿਰ ਦੇ ਫੁਆਰਾ ਚੌਕ ਨਜ਼ਦੀਕ ਪੁੱਜਿਆ ਤਾਂ ਸੁਭਾਸ਼ ਕੁਮਾਰ ਬੇਹੋਸ਼ ਹੋ ਗਿਆ। ਯੂਨੀਅਨ ਆਗੂ ਜਗਦੀਪ ਸਿੰਘ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵਲੋਂ ਨਾ ਤਾਂ ਐਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਉਨ੍ਹਾਂਂ ਦੀ ਸਾਰ ਲਈ ਗਈ। ਉਨ੍ਹਾਂ ਖੁਦ ਆਟੋ ਰਿਕਸ਼ਾ ਦਾ ਪ੍ਰਬੰਧ ਕਰਕੇ ਸੁਭਾਸ਼ ਕੁਮਾਰ ਨੂੰ ਸਿਵਲ ਹਪਸਤਾਲ ਦਾਖਲ ਕਰਵਾਇਆ।